ਅੱਜ ਮੈਖ਼ਾਨੇ ਦੇ ਦਰ ਉੱਤੇ

ਅੱਜ ਮੈਖ਼ਾਨੇ ਦੇ ਦਰ ਉੱਤੇ ਸ਼ੋਰ ਪਊ ਮੈਅਖ਼ਾਰਾਂ ਦਾ ।

ਸਾਗ਼ਰ ਤੇ ਸਾਗ਼ਰ ਛਲਕਣਗੇ ਆਇਐ ਦੌਰ ਬਹਾਰਾਂ ਦਾ ।

ਨਈਂ ਹਾਜ਼ਤ ਤੀਰਾਂ ਤੇਗ਼ਾਂ ਦੀ ਦੇਖੇ ਤੇ ਘਾਇਲ ਕਰਦੇ ਨੇ,

ਨਜ਼ਰਾਂ ਥੀਂ ਸਾਕੀ ਲੈਂਦਾ ਹੈ ਕੰਮ ਤੀਰਾਂ ਦਾ ਤਲਵਾਰਾਂ ਦਾ ।

ਇਹ ਦੁਨੀਆ ਏ ਘਰ ਬਦਲੇ ਦਾ ਇਕ ਹੱਥ ਲੈਣਾ ਇਕ ਹੱਥ ਦੇਣਾ,

ਸਭ ਸੌਦੇ ਹੁੰਦੇ ਨਕਦਾਂ ਦੇ ਨਈਂ ਏਥੇ ਕੰਮ ਉਧਾਰਾਂ ਦਾ ।

ਲੈ ਸੋਚ ਅਜੇ ਛੇਤੀ ਨਾ ਕਰ ਉਲਫ਼ਤ ਦਾ ਹੱਥ ਵਧਾਣ ਲਈ,

ਹੈ ਚੋਖਾ ਮੁਸ਼ਕਿਲ ਤੋੜ ਉੱਤੇ ਪਹੁਚਾਣਾ ਕੌਲ-ਕਰਾਰਾਂ ਦਾ ।

ਇਸ ਉਲਫ਼ਤ ਦੀ ਨਗਰੀ ਅੰਦਰ ਬਿਨ ਜ਼ੋਰੋਂ ਮਾਲੋਂ ਨਾ ਆਵੀਂ,

ਏਥੇ ਵੀ ਸਿੱਕਾ ਚਲਦਾ ਏ ਸ਼ਹਿਜ਼ੋਰਾਂ ਦਾ ਜ਼ਰਦਾਰਾਂ ਦਾ ।

ਹੋਰਾਂ ਦੀਆਂ ਨਜ਼ਰਾਂ ਵਿਚ 'ਸਾਕੀ' ਨਾ ਹੋਵੇ ਮੌਸਮ ਪਤਝੜ ਦਾ,

ਤੂੰ ਆਪਣੇ ਖ਼ਿਆਲਾਂ ਵਿਚ ਜਿਸ ਨੂੰ ਸਮਝੇਂ ਦੌਰ ਬਹਾਰਾਂ ਦਾ ।

📝 ਸੋਧ ਲਈ ਭੇਜੋ