ਅੱਜ ਮੈਨੂੰ ਨ੍ਹਾਉਣ ਦਿਓ

ਖੋਰ ਦਿਤੀ ਹੈ ਕਿਸੇ ਅੰਬਰ ਦੀ ਜਵਾਨੀ ਅਜ ਤਾਂ,

ਅਜ ਤਾਂ ਢਿਲਕੇ ਨੇ ਹੋਏ ਮੇਘ ਦੇ ਚੀਰ।

ਚਿਣਗ–ਸੇਜਾ ਤੇ ਜਿਵੇਂ ਵੇਖ ਕੇ ਆਸ਼ਿਕ ਦਾ ਸਰੀਰ 

ਕਿਸੇ ਦਿਲ-ਹੀਣ ਦੇ ਨੈਣਾਂ 'ਚ ਵੀ ਆ ਜਾਂਦਾ ਏ ਨੀਰ, 

ਏਦਾਂ ਹੀ ਵੇਖ ਕੇ ਧਰਤੀ ਦਾ ਬੁਖ਼ਾਰ,

ਛਾਲੇ ਉਗਲੱਛਦੀ ਹੋਈ ਭੋਂ ਦੀ ਹਵਾੜ

ਨੈਣ ਅੰਬਰ ਨੇ ਕਿਹਾ, ਪਾਣੀ ਹੈ ਵਗ ਜਾਣ ਦਿਓ । 

ਅੱਜ ਮੈਨੂੰ ਨ੍ਹਾਉਣ ਦਿਓ ।

ਜਾਣਦਾ ਹਾਂ ਕਿ ਮੈਂ ਡਾਢਾ ਬੀਮਾਰ

ਮੇਰੇ ਪਿੰਡੇ ਨੂੰ ਹੀ ਚਬ ਚਬ ਕੇ ਫਲੂਹੇ ਨੇ ਜਵਾਨ 

ਡੀਕ ਕੇ ਮੇਰੀ ਹੀ ਰਤ ਤੇਈਏ ਦੀ ਹੈ ਜਾਨ 'ਚ ਜਾਨ 

ਗਰਮ ਪਾਰਾ ਹੈ ਮੇਰੇ ਹੱਡੀਂ ਸ਼ਾਇਦ ਖ਼ੂਨ ਦੀ ਥਾਂ 

ਇਹ ਮੇਰਾ ਧੁਖਦਾ ਸਰੀਰ

ਇਸ ਤਰ੍ਹਾਂ ਜਾਪੇ ਜਿਵੇਂ ਕੋਈ ਰਿਝਦਾ ਪਹਾੜ 

ਮੇਰੇ ਪਿੰਜਰ ਦੀ ਹਵਾੜ

ਗਰਮ ਸੀਖਾਂ ਦੇ ਵਾਂਙ

ਵਾਯੂ ਦੀ ਹਿਕ ਜਾਂਦੀ ਏ ਪਾੜ ; 

ਜਾਣਦਾ ਹਾਂ ਕਿ ਮੈਂ ਡਾਢਾ ਬੀਮਾਰ

ਮੇਰੇ ਪਿੰਡੇ ਤੇ ਪਾਣੀ ਦੀ ਛਿਣਕ 

ਇਹ ਹੈ ਜਮਰਾਜ ਨੂੰ 'ਵਾਜ

ਪਰ ਰਤਾ ਵੇਖੋ ਤਾਂ ਸਹੀ ਉਡਦੇ ਪਹਾੜ 

ਮੇਘ ਦੀ ਝੋਲ 'ਚੋਂ ਕਿਰਦੀ ਫੁਹਾਰ, 

ਜਿਵੇਂ ਕਿਸੇ ਗੋਰੀ ਦੇ ਪਟ-ਅੰਗਾਂ ਦੇ ਤਾਰ,

ਮੈਨੂੰ ਰੋਕੋਗੇ ਤਾਂ ਹੋ ਜਾਵੇਗਾ ਬਹੁਤ ਵਿਗਾੜ, 

ਜੇ ਮੈਂ ਤਾਰਾਂ 'ਚ ਫਸਾਂ ਹਾਇ ਤਾਂ ਫਸ ਜਾਣ ਦਿਓ, 

ਜੇ ਮੈਂ ਭਿਜ ਭਿਜ ਕੇ ਮਰਾਂ ਹਾਇ ਤਾਂ ਮਰ ਜਾਣ ਦਿਓ । 

ਅੱਜ ਮੈਨੂੰ ਨ੍ਹਾਉਣ ਦਿਓ ।

ਖੋਰ ਦਿਤੀ ਹੈ ਕਿਸੇ ਅੰਬਰ ਦੀ ਜਵਾਨੀ ਅੱਜ ਤਾਂ, 

ਅੱਜ ਤਾਂ ਢਿਲਕੇ ਨੇ ਹੋਏ ਮੇਘ ਦੇ ਚੀਰ।

📝 ਸੋਧ ਲਈ ਭੇਜੋ