ਅੱਜ ਫਿਰ !
ਮੈਨੂੰ ਕਿੰਨੀਆਂ ਗੱਲਾਂ
ਸੁਣਨੀਆਂ ਪਈਆਂ ਮਾਂ
ਮੇਰੀ ਹੀ ਗਲਤੀ ਸੀ
ਜੋ ਤੈਥੋਂ ਵਿੱਦਿਆ ਦਾ ਦਾਜ
ਮੰਗਦੀ ਰਹੀ
ਉਹ ਦਾਜ ਦਾ ਪਤਾ ਹੀ ਨਹੀਂ ਸੀ
ਜਿਹਦੇ ਨਾਲ ਮੇਰਾ
ਘਰ ਵੱਸਣਾ ਸੀ
ਤੇ ਮਾਂ ਮੇਰੀ ਕੀਤੀ ਪੜਾਈ ਕਰਕੇ
ਕਈ ਤਰਾਂ ਦੇ ਮੇਹਣੇ ਨਾ ਸੁਣਨੇ ਪੈਂਦੇ
ਨਾ ਤੈਨੂੰ ! ਨਾ ਮੈਨੂੰ
ਮੈਂ ਮਾਂ ਸਕੂਲ ਵਿੱਚ
ਕੰਧ ਤੇ ਲਿਖਿਆ
ਵੇਖਿਆ ਪੜਿਆ ਸੀ
ਧੀਆਂ ਨੂੰ ਦਿਓ
ਵਿੱਦਿਆ ਦਾ ਦਾਨ
ਮੈਨੂੰ ਲੱਗਦਾ ਸੀ
ਇਹ ਦਾਜ ਉੱਤਮ ਆ
ਤੇ ਸਾਰਿਆਂ ਤੋਂ ਵੱਖਰਾ ਆ
ਸਹੁਰਾ ਪਰਿਵਾਰ ਵੀ
ਵੇਖ ਕੇ ਮੇਰੇ ਦਾਜ ਦੀ
ਵਡਿਆਈ ਕਰੂਗਾ ਤੇ
ਮੇਰੇ ਤੇ ਮਾਣ ਮਹਿਸੂਸ ਕਰੂਗਾ
ਪਰ ਮਾਂ ਤੈਨੂੰ ਪਤਾ
ਅੱਜ ਕਲਮ ਤੇ
ਕੜਛੀ ਨੂੰ ਲੈ ਕੇ ਕਿੰਨਾ ਹੰਗਾਮਾ ਹੋਇਆ
ਕਹਿੰਦੇ ਨੇ ਕਿਤੇ ਆਉਣ ਜਾਣ
ਪੜਨ ਲਿਖਣ ਦੀ ਕੋਈ ਲੋੜ ਨਹੀਂ
ਬਸ ਆਪਣਾ ਘਰਦੇ ਕੰਮਾ ਕਾਰਾ
ਵਿੱਚ ਧਿਆਨ ਕਰ
ਸਾਡੇ ਘਰਦੀਆਂ ਨੂੰਹਾਂ ਧੀਆਂ
ਬਾਹਰ ਨਹੀਂ ਜਾਂਦੀਆਂ !
ਤੇਰੇ ਤੋਂ ਬਗੈਰ ਮਾਂ
ਮੇਰੇ ਕੋਲ ਕੋਈ ਵੀ ਨਹੀਂ
ਜਿਸਨੂੰ ਮੈਂ ਇਹ ਦਰਦ ਦੱਸ ਪਾਉਂਦੀ
ਪਰ ਪਤਾ ?
ਅਖੀਰ ਮੈਨੂੰ ਰੌਂਦੀ ਨੂੰ
ਇਹਨਾਂ ਅੱਖਰਾਂ ਨੇ ਹੀ
ਗਲ ਲਾ ਕੇ
ਚੁੱਪ ਕਰਵਾਇਆ