ਅੱਜ ਤੋਂ ਇੰਜ ਨਾ ਕਰਿਆ ਕਰੀਏ
ਨਾ ਜਿੱਤਿਆ ਨਾ ਹਰਿਆ ਕਰੀਏ
ਬਹੁਤਾ ਨਾ ਸਹੀਂ ਕਦੀ ਕਦਾਈਂ
ਸੀਨੇ ਲੱਗ ਲੱਗ ਠਰਿਆ ਕਰੀਏ
ਇੱਕ ਦੂਜੇ ਨੂੰ ਮਾਰਨ ਦੀ ਥਾਂ
ਇੱਕ ਦੂਜੇ ਤੇ ਮਰਿਆ ਕਰੀਏ
ਰਲ਼ਕੇ ਸਾਰੇ ਸੁੱਖ ਹੰਢਾਈਏ
ਰਲ਼ਕੇ ਦੁੱਖੜੇ ਜਰਿਆ ਕਰੀਏ
ਜੀਵਨ ਦੇ ਲਈ ਜੀਵਨ ਦੇ ਵਿਚ
ਜੀਵਨ ਦੇ ਰੰਗ ਭਰਿਆ ਕਰੀਏ
ਹੋਰ ਕਿਸੇ ਤੋਂ ਡਰਨੋ ਪਹਿਲਾਂ
ਆਪਣੇ ਆਪ ਤੋਂ ਡਰਿਆ ਕਰੀਏ
ਤਾਰੂ ਹੋ ਕੇ ਵੀ ਨਾ ‘ਸੰਧੂ’
ਪੁੱਠੀ ਤਾਰੀ ਭਰਿਆ ਕਰੀਏ