ਅੱਜ ਵੀ ਸ਼ਾਮ ਸੁਹਾਣੀ

ਅੱਜ ਵੀ ਸ਼ਾਮ ਸੁਹਾਣੀ ਨਹੀਂਓ। 

ਤਾਂ ਕੀ ਰਾਤ ਬਿਤਾਣੀ ਨਹੀਂਓ ।

ਸ਼ੀਸ਼ਾ ਮੈਨੂੰ ਘੂਰੀ ਵੱਟੇ , 

ਅਪਣੀ ਸ਼ਕਲ ਪਛਾਣੀ ਨਹੀਂਓ।

ਰੀਝਾਂ ਤੇ ਮੁਟਿਆਰਾਂ ਨੇ ਪਰ, 

ਦਿਲ ਮੁੰਡਿਆਂ ਦੀ ਢਾਣੀ ਨਹੀਂਓ।

ਅੱਜ ਦੀ ਨਾਰ ਖੁਦ-ਮੁਖ਼ਤਾਰ, 

ਅੱਜ ਏ ਕੂੰਜ ਨਿਮਾਣੀ ਨਹੀਂਓ।

ਅੱਜ ਵੀ ਜਾਪੇ ਹੁਣ ਦੀ ਗੱਲ ਏ , 

ਤੇਰੀ ਯਾਦ ਪੁਰਾਣੀ ਨਹੀਂਓ ।

ਮਰਦੇ ਦਮ ਤਕ ਯਾਦ ਰਹੇਗਾ, 

ਲਹੂ ਲਹੂ ਹੈ , ਪਾਣੀ ਨਹੀਂਓ।

ਤੇਰੀ ਮੇਰੀ ਪ੍ਰੇਮ ਕਹਾਣੀ, 

ਪਾਣੀ ਵਿਚ ਮਧਾਣੀ ਨਹੀਂਓ।

ਐ ਮੁਹਾਜਿਰ! ਉੱਠ ਚੱਲ ਯਾਰ,

ਦੁਨੀਆਂ ਨਵੀਂ ਵਸਾਣੀ ਨਹੀਂਓ।

📝 ਸੋਧ ਲਈ ਭੇਜੋ