ਆਜਾ ਠੰਡੀਏ ਸੀਤੇ ਮੈਨੂੰ ਲੱਗ ਤੇ ਦੱਸ।
ਮਾਂ ਗੁਜਰੀ ਸੀਨੇ ਤੂੰ ਕਿਵੇਂ ਲੱਗੀ।
ਫੋਲ ਜਿਗਰਾ ਦੁੱਖ ਜੋ ਦੱਬ ਵਗੇਂ
ਬੇਸ਼ਗਨੀ ਘੜੀ ਕਿੱਦਾਂ ਤੈਂ ਠੱਗੀ।
ਕੀ ਬੀਤੀ ਸੀ ਤੇਰੇ ਦਿਲ ਅੰਦਰ।
ਜਦੋਂ ਲਾਲਾਂ ਦੇ ਸੀਨੇ ਵਿੱਚ ਵੱਜੀ।
ਗੱਲ ਸੁਣ ਕੇ ਸੀਤ ਖ਼ੁਦ ਕੰਬ ਉੱਠੀ।
ਆਖੇ ਚੰਦਰਾ ਵੇਲ਼ਾ ਕਦੇ ਭੁੱਲਦਾ ਏ।
ਜਦੋਂ ਮਾਂ ਤੇ ਲਾਲ ਬੁਰਜ ਵਿੱਚ ਸੁੱਤੇ।
ਹਰ ਵਰ੍ਹੇ ਵਗਾਂ ਦਿਲ ਡੁੱਲਦਾ ਏ।
ਮੈਂ ਤੇ ਬੁਰਜ ਦੁੱਖ ਫੋਲ ਨਿੱਤ ਰੋਂਦੇ।
ਮਾੜੇ ਕਰਮ ਕੋਈ ਅਸਾਂ ਕਰੇ ਹੋਣੇ।
ਤਾਂ ਹੀ ਮਾਂ ਤੇ ਪੋਤਿਆਂ ਕੋਲ਼ ਸਾਡੇ।
ਐਡੇ ਵੱਡੜੇ ਦੁੱਖ ਸੀਨੇ ਜ਼ਰੇ ਹੋਣੇ।
ਜਿਗਰੇ ਯਾਦ ਕਰ ਉਹੀ ਵਗੀ ਜਾਂਦੀ।
ਡਾਹਡੇ ਸੌਂਪਿਆ ਕੰਮ ਮੈਂ ਕਰੀ ਜਾਂਦੀ।
ਉਹ ਵੀ ਭਾਣੇ ਨੂੰ ਜਾਣ ਕੇ ਮੰਨਦੇ ਰਹੇ।
ਮੈਂ ਵੀ ਓਸ ਰਜਾ ਵਿੱਚ ਵਗੀ ਜਾਂਦੀ।
ਸਰਹੰਦ ਆਂਵਦੀ ਸਿੱਖ ਕੌਮ ਸਾਰੀ।
ਮੈਂ ਹਰੇਕ ਦੇ ਸੀਨੇ ਲੱਗ ਲੱਭਦੀ ਹਾਂ।
ਹਰ ਸਿੰਘ, ਗੋਬਿੰਦ ਸਿੰਘ ਲਾਲ ਦਿਸੇ।
ਹਰ ਮਾਂ ’ਚੋਂ ਮਾਂ ਗੁਜਰੀ ਤੱਕਦੀ ਹਾਂ।