ਕਦ ਮੈਂ ਆਪਣੇ ਆਪ ਤੋਂ, ਆਜ਼ਾਦ ਹੋਵਾਂਗਾ।

ਸ਼ਾਇਦ ਕਈ ਯੁੱਗਾਂ ਬਾਅਦ ਹੋਵਾਂਗਾ॥

ਉਜੜਾਂਗਾ ਅਜੇ ਪਤਾ ਨਹੀਂ ਕਿੰਨੀ ਵਾਰ।

ਖ਼ਬਰੇ ਕਿੰਨੀ ਵਾਰ ਆਬਾਦ ਹੋਵਾਂਗਾ॥

ਮੰਜਿਲ ਤਾਂ ਨਿਸਚਿਤ ਹੈ, ਬੱਸ ਰਸਤਾ ਭਟਕ ਰਿਹਾਂ।

ਕਦੋਂ ਮੈਂ ਹਾਲੇ ਵਰਤਮਾਨ ਤੋਂ, ਆਦਿ ਹੋਵਾਂਗਾ॥

ਮੇਰੀ ਰੂਹ ਦੇ ਗੁਲਾਬ ਤੇ, ਮਾਲੀ ਦੀ ਨਜ਼ਰ ਨਹੀਂ ਪਈ।

ਪਤਾ ਨਹੀਂ ਕਿੰਨੀ ਕੁ ਵਾਰ, ਖਿੜ ਕੇ ਖਾਦ ਹੋਵਾਂਗਾ॥

ਕਾਲੀ ਹਨੇਰੀ ਰਾਤ ਦੇ, ਇਹ ਲੰਮੇ ਲੰਮੇ ਖਾਬਾਂ ਵਿੱਚ ।

ਹਕੀਕਤ ਤੋਂ ਦੂਰ, ਕਦ ਤੱਕ ਬਰਬਾਦ ਹੋਵਾਂਗਾ॥

ਕਿਸੇ ਮਾੜੇ ਸ਼ਾਇਰ ਦੀ, ਇਕਲੌਤੀ ਚੱਲੀ ਨਜ਼ਮ ਵਾਂਗ।

ਕਦ ਤੱਕ ਹਰ ਮਹਿਫਲ ਵਿੱਚ, ਇਰਸ਼ਾਦ ਹੋਵਾਂਗਾ॥

"ਮੰਡੇਰ" ਨੂੰ  ਤੂੰ ਯਾਰ ਕਦ, ਗਲ ਲਾਵੇਂਗਾ ਆਪ ਆ।

ਕਦ ਮੈਂ ਤੇਰੀ ਬੁੱਕਲ ਵਿੱਚ ਸਵਾਦ ਸਵਾਦ ਹੋਵਾਂਗਾ॥

📝 ਸੋਧ ਲਈ ਭੇਜੋ