ਭੁੱਖੇ ਅਤੇ ਨੰਗੇ ਨੇ ਕਿਸਾਨ, ਮਜ਼ਦੂਰ ਲੋਕੋ,

ਕਾਹਦੀ ਏ ਆਜ਼ਾਦੀ ਅਸੀਂ ਮਾਨਣੀ ।

ਲਾਠੀਆਂ ਤੇ ਗੋਲੀਆਂ ਦੀ ਆਈ ਏ ਬੁਛਾੜ,

ਫਿੱਕੀ ਲੱਗਦੀ ਏ ਰਾਤ ਚੰਨ-ਚਾਨਣੀ ।

ਸਮਝ ਕੇ ਸਾਨੂੰ ਅਨਭੋਲ, ਅਨਜਾਣ,

ਐਵੇਂ ਲਾਰਿਆਂ 'ਤੇ ਲਾਈ ਸਾਨੂੰ ਰੱਖਿਆ ।

ਸਾਡੇ ਸਿਰਾਂ ਉੱਤੇ ਬਣ ਰਾਖਸ਼ ਖਲੋਏ,

ਸਾਡੇ ਖ਼ੂਨ ਦਾ ਸੁਆਦ ਇਹਨਾਂ ਚੱਖਿਆ ।

ਸਾਥੋਂ ਨੀ ਸਹਾਰੇ ਜਾਂਦੇ ਜ਼ਾਲਮਾਂ ਦੇ ਤੀਰ,

ਸਾਥੋਂ ਚਿੱਤ ਨੀ ਕਰਾਇਆ ਜਾਂਦਾ ਛਾਨਣੀ,

ਕਾਹਦੀ ਏ ਆਜ਼ਾਦੀ ਅਸੀਂ ਮਾਨਣੀ ।

ਫਿਰੇ ਕਾਨੂੰਨ ਅਤੇ ਕੌਮ ਦਾ ਜਨੂੰਨ,

ਸਾਡੇ ਰਾਹਾਂ ਵਿੱਚ ਕੰਡੇ ਅਟਕਾਂਵਦਾ ।

ਪੂੰਜੀਪਤੀ ਢਾਂਚਾ, ਨਾਗਾਂ ਤਾਈਂ ਪਾਲ,

ਸਾਡੇ ਲੋਕਾਂ ਵਿੱਚ ਜ਼ਹਿਰ ਉਗਾਂਵਦਾ ।

ਐਨਾ ਚਿਰ ਰਾਜ 'ਤੇ ਬਹਾਇਆ ਏਸ ਤੱਤੜੇ ਨੂੰ,

ਇਹਨੇ ਕੀ ਕਦਰ ਸਾਡੀ ਜਾਨਣੀ ।

ਕਾਹਦੀ ਏ ਆਜ਼ਾਦੀ ਅਸੀਂ ਮਾਨਣੀ ।

ਦਿੱਤਾ ਹੈ ਜਨਮ ਇਹਨੇ ਚੋਰਾਂ ਤੇ ਬਲੈਕੀਆਂ ਨੂੰ,

ਰਾਜੇ ਜਰਵਾਣੇ ਇਹਦੇ ਘਰ ਦੇ ।

ਇਹ ਅਮਰੀਕਾ ਦਿਆਂ ਡਾਲਰਾਂ ਦੀ ਸੇਜ ਸੁੱਤੀ,

ਲਾ ਕੇ ਗਾਂਧੀ ਖੱਦਰ ਦੇ ਪਰਦੇ ।

ਏਸ ਦੀ ਗ਼ਦਾਰੀ ਅਤੇ ਚਾਲ ਸਰਮਾਏਦਾਰੀ,

ਔਖੀ ਹੁਣ ਰਹੀ ਨਾ ਪਛਾਨਣੀ,

ਕਾਹਦੀ ਏ ਆਜ਼ਾਦੀ ਅਸੀਂ ਮਾਨਣੀ ।

ਕਿਰਤੀ, ਕਿਸਾਨ, ਸਾਰੇ ਬਣ ਕੇ ਚਟਾਨ ਖੜੋ,

ਹੁਣ ਬਹੁਤਾ ਸਮਾਂ ਨਹੀਓਂ ਗਾਲਣਾ ।

ਕਿਰਤ-ਲੁਟੇਰਿਆਂ ਦੀ ਚਿੱਪ ਦਿਉ ਸਿਰੀ,

ਅਸੀਂ ਨਾਗ ਨੀ ਬੁਕਲ ਵਿਚ ਪਾਲਣਾ ।

ਫੜ ਕੇ ਚੁਆਤਾ ਅਸੀਂ ਹੱਥ ਵਿਚ ਏਕਤਾ ਦਾ,

ਧਨੀਆਂ ਦੀ ਹਿੱਕੜੀ ਏ ਜਾਲਣੀ,

ਕਾਹਦੀ ਏ ਆਜ਼ਾਦੀ ਅਸੀਂ ਮਾਨਣੀ ।

📝 ਸੋਧ ਲਈ ਭੇਜੋ