ਆਖ ਦਿਓ ਉਸ ਰਾਹੀ ਨੂੰ

ਆਖ ਦਿਓ ਉਸ ਰਾਹੀ ਨੂੰ

ਉਹ ਵੰਝਲੀ ਨੂੰ ਨ ਛੇੜੇ।

ਜੇਕਰ ਉਸਨੇ ਰੁਕਣਾ ਨਾਹੀਂ,

ਗੀਤ ਓਸਦਾ ਮੁੱਕਣਾ ਨਾਹੀਂ,

ਸੰਘ ਓਸਦਾ ਸੁੱਕਣਾ ਨਾਹੀਂ,

ਇੱਕੋ ਮੇਰੀ ਗਲ ਮਨਾਣੀ,

ਛੱਡ ਦੇਵਣੇ ਝੇੜੇ।

ਉਸ ਤੋਂ ਇੱਕੋ ਗੱਲ ਮਨਾਣੀ,

ਛਡ ਦੇਵੇ ਇਕ ਤਰਜ਼ ਵਜਾਣੀ,

ਛਡ ਦੇਵੇ ਉਹ ਲੈ ਪੁਰਾਣੀ,

ਜਿਹੜੀ ਕਦੀ ਪਹਾੜਾਂ ਅੰਦਰ

ਸੀਗ ਖਾਂਵਦੀਂ ਗੇੜੇ।

ਪਰਬਤ ਵਸਦੇ ਦੂਰ ਦੁਰਾਵੇਂ,

ਖੜੇ ਖੜੋਤੇ ਸਾਹਵੇਂ ਸਾਹਵੇਂ,

ਸੰਝ ਪਵੇ ਤਾਂ ਟਾਵੇਂ ਟਾਵੇਂ,

ਵਿਚ ਉਨ੍ਹਾਂ ਇਕ ਵਾਦੀ ਵੱਸੇ

ਜਿਵੇਂ ਘਰਾਂ ਵਿਚ ਵੇਹੜੇ।

ਇਸ ਵਾਦੀ ਵਿਚ ਸੰਝਾਂ ਵੇਲੇ

ਕਾਲਕ ਨਾਲ ਸਬਜ਼ਿਆਂ ਖੇਲੇ;

ਹੌਲੀ ਹੌਲੀ ਘੱਤ ਝਮੇਲੇ

ਰਾਤ ਹਨੇਰੀ ਕਾਲੀ-ਬੋਲੀ

ਸਭ ਨੂੰ ਆਣ ਸਹੇੜੇ।

ਪਤਲਾ ਪਤਲਾ ਸੰਝ ਦਾ ਜਾਲਾ,

ਰੰਗ ਓਸਦਾ ਤਿੱਖਾ ਕਾਲਾ,

ਤਿੱਖੀਆਂ ਕਾਲੀਆਂ ਹੂਕਾਂ ਵਾਲਾ

ਕੋਈ ਓਥੇ ਵੰਝਲੀ ਲੈ ਕੇ

ਚੁਪ ਨੂੰ ਪਿਆ ਉਧੇੜੇ।

ਪਤਲੀਆਂ ਉਂਗਲਾਂ ਨਾਚ ਨਚਾਣ,

ਉੱਡ ਉੱਡ ਜਿਉਂ ਚਿੜੀਆਂ ਜਾਣ

ਇਕ ਟਾਹਣ ਤੋਂ ਦੂਜੇ ਟਾਹਣ,

ਸੌਣ ਵਾਸਤੇ ਥਾਵਾਂ ਮੱਲਣ,

ਰਾਤ ਜੂ ਆਈ ਨੇੜੇ।

ਚਿੜੀਆਂ ਦੇ ਪਰ ਜਿਉਂ ਜਿਉਂ ਫੜਕਣ,

ਦਿਲ ਮੇਰੇ ਦੇ ਪੁਰਜ਼ੇ ਧੜਕਣ,

ਮੀਂਹ ਦਾ ਪਾਣੀ ਸ਼ਾਖਾਂ ਛੜਕਣ,

ਏਸੇ ਤਰਾਂ ਤਰੇਲੀ ਮੇਰੀ

ਬਾਂਹ ਨੂੰ ਆਣ ਲਬੇੜੇ।

ਓਥੇ ਹੈ ਇਕ ਡੂੰਘਾ ਨਾਲਾ,

ਡੂੰਘੀ ਘੁੱਮਣ-ਘੇਰੀ ਵਾਲਾ,

ਸੰਝ ਦਾ ਪਾਣੀ ਕਾਲਾ ਕਾਲਾ,

ਜੋ ਵੀ ਡਿੱਗੇ ਉਸਦੇ ਅੰਦਰ

ਹੇਠ ਹੇਠ ਹੀ ਰੇੜ੍ਹੇ।

ਏਸੇ ਥਾਂ ਤੇ ਉਹ ਸੀ ਡੁੱਬਾ,

ਐਸਾ ਲੱਗਾ ਉਸ ਦਾ ਟੁੱਭਾ

ਮੁੜ ਨ ਆਇਆ, ਐਸਾ ਖੁੱਭਾ;

ਕਦੋਂ ਨੇ ਮੁੜਦੇ ਸ਼ੌਹ ਦਰਿਆ ਤੋਂ

ਭੁੱਬ ਗਏ ਨੇ ਜਿਹੜੇ?

ਵੰਝਲੀ ਉਸਨੇ ਘੁੱਟੀ ਹੋਊ,

ਫੇਰ ਹੱਥ 'ਚੋਂ ਛੁੱਟੀ ਹੋਊ,

ਕੰਢੇ ਵਜ ਕੇ ਟੁੱਟੀ ਹੋਊ,

ਜੇਕਰ ਹੋਊ ਸਬੂਤੀ ਸ਼ੋਹਦੀ,

ਖਾਂਦੀ ਹੋਊ ਥਪੇੜੇ।

📝 ਸੋਧ ਲਈ ਭੇਜੋ