ਅੱਖ ਝਪਕਣ ਵਿਚ ਤਾਰੇ

ਅੱਖ ਝਪਕਣ ਵਿਚ ਤਾਰੇ ਅਰਸ਼ਾਂ ਉੱਤੋਂ ਲਾਹਵਾਂ ।

ਡੁੱਬ ਜਾਵਾਂ ਮੈਂ ਉਹਦੀਆਂ ਜੇ ਵਿਚ ਮਸਤ ਨਿਗਾਹਵਾਂ ।

ਇਹਦੇ ਵਿਚ ਤੇ ਸ਼ੱਕ ਨਹੀਂ ਮਾਹੀਆ ਤੇਰੀ ਕਸਮੀ,

ਤੈਨੂੰ ਵੇਖਣ ਵਾਲੇ ਭੁੱਲਦੇ ਘਰ ਦੀਆਂ ਰਾਹਵਾਂ ।

ਆਪਣੇ ਪੈਰਾਂ ਦੇ ਵਿਚ ਦੇਵੇਂ ਬਹਿਣ ਜੇ ਮੈਨੂੰ,

ਜਗ ਦੇ ਮਹਿਲ ਮੁਨਾਰਿਆਂ ਨੂੰ ਮੈਂ ਚੁੱਲ੍ਹੇ ਡਾਹਵਾਂ ।

ਜਿਹੜੀ ਖੇਤੀ ਦਾ ਮਾਲਕ ਨਾ ਹੋਵੇ ਕੋਈ,

ਉੱਥੇ ਉੱਗਣਾ, ਦੱਭ, ਕਰੀਰਾਂ, ਕਾਹੀਆਂ, ਘਾਵਾਂ ।

ਸਾਰੇ ਫ਼ਿਕਰ ਅੰਦੇਸ਼ੇ ਲਾਹਕੇ ਸੁੱਤਿਆਂ ਦੇਖਾਂ,

ਜੀਹਨਾਂ ਤਾਈਂ ਬਖ਼ਸ਼ੀਆਂ ਉਹਨੇ ਹੈਨ ਪਨਾਹਵਾਂ

'ਸ਼ਾਕਿਰ' ਏਹੋ ਹਸ਼ਰਤ ਮੇਰੇ ਦਿਲ ਦੀ ਢੋਲਾ,

ਤੇਰਾ ਨਾਵਾਂ ਜਪਦਿਆਂ ਸ਼ਾਲਾ! ਮੁੱਕਣ ਸਾਹਵਾਂ ।

📝 ਸੋਧ ਲਈ ਭੇਜੋ