ਆਖਦੀ ਹੈ ਅੰਨ੍ਹਿਆਂ ਖੂਹਾਂ

ਆਖਦੀ ਹੈ ਅੰਨ੍ਹਿਆਂ ਖੂਹਾਂ 'ਚ ਨਾ ਉਤਰੀਂ ਅਜੇ । 

ਬਹੁਤ ਬੱਚਾ ਸਮਝਦੀ ਹੈ ਮੈਨੂੰ ਮੇਰੀ ਮਾਂ ਅਜੇ।

ਘਰ ਨੂੰ ਮੋਢੇ ਤੇ ਟਿਕਾ ਕੇ ਤੁਰ ਹੀ ਪੈਣਾ ਹੈ ਅਸਾਂ, 

ਸੋਚ ਵਿਚ ਅਸਪਸ਼ਟ ਨੇ ਪਰ ਸਾਡੀਆਂ ਰਾਹਾਂ ਅਜੇ। 

ਦੋਸਤਾ ! ਧੁੱਪ ਦੇ ਸ਼ਹਿਰ 'ਚੋਂ ਪਰਤ ਹੀ ਆਵਾਂਗਾ ਮੈਂ, 

ਮਾਣ ਲੈ ਕੁਝ ਹੋਰ ਤੂੰ ਬਿਰਹਾ ਦੀ ਗੂੜ੍ਹੀ ਛਾਂ ਅਜੇ । 

ਸੇਕ ਮੇਰਾ ਮਾਪਣਾ ਚਾਹੁੰਦਾ ਹੈ ਤਾਂ ਕੁਝ ਸਬਰ ਕਰ, 

ਸਾਵੀਆਂ ਹੋ ਜਾਣ ਦੇ ਕੰਡਿਆਲੀਆਂ ਕਿੱਕਰਾਂ ਅਜੇ ।

ਗ਼ਮ ਨਹੀਂ ਜੇ ਹੋਰ ਲੰਮਾ ਹੋ ਗਿਐ ਪੈਂਡਾ ਮੇਰਾ, 

ਤੁਰਨ ਤੋਂ ਇਨਕਾਰ ਨਈਂ ਕੀਤਾ ਮੇਰੇ ਪੈਰਾਂ ਅਜੇ। 

ਜਾਪਦਾ ਹੈ ਮੈਂ ਕਿਸੇ ਤਾਰੇ ਦੀ ਜੂਨੇ ਪੈ ਗਿਆਂ,

ਮੈਂ ਖ਼ਲਾਅ ਵਿਚ ਸਾਂ ਸ਼ੁਰੂ ਤੋਂ, ਮੈਂ ਖ਼ਲਾਅ ਵਿੱਚ ਹਾਂ ਅਜੇ । 

‘ਕੇਸ਼ੀਆ' ਤੇਰੀ ਤਪੱਸਿਆ ਵਿਚ ਕਮੀ ਕੋਈ ਤਾਂ ਹੈ, 

ਲੋਕ ਭੁਲ ਜਾਂਦੇ ਨੇ ਚੇਤੇ ਕਰਕੇ ਤੇਰਾ ਨਾਂ ਅਜੇ।

📝 ਸੋਧ ਲਈ ਭੇਜੋ