ਆਖੇ ਮਰਦਾਨੇ ਵਹੁਟੀ,
ਗੱਲ ਮੇਰੀ ਲੱਗਣੀ ਖੋਟੀ।
ਨਾਨਕ ਨਾਲ਼ ਤੁਰਿਆ ਰਹਿਨੈ,
ਪਿਓ ਉਹਦੇ ਖੋਲ਼ੀ ਹੱਟੀ।
ਸੌਦਾ ਦੇਂਦਾ ਨਾ ਉਧਾਰ ਵੇ।
ਛੱਡ ਦੇ ਨਾਨਕ ਦਾ ਪੱਲਾ,
ਪਾਲ਼ ਪਰਿਵਾਰ ਵੇ।
ਛੱਡ ਦੇ ਨਾਨਕ ਦਾ ਪੱਲਾ।
ਉਹ ਬੇਦੀ ਕੁਲ ਦਾ ਜਾਇਆ,
ਅਸੀਂ ਮੁਸਲਮਾਨ ਵੇ।
ਰਬਾਬ ਨੂੰ ਚੁੱਕੀ ਫਿਰਦੈਂ,
ਅੱਲਾ ਦਾ ਨਾਮ ਲੈ।
ਰੱਬ ਮੰਨ ਮਗਰ ਲੱਗਿਆਂ,
ਮੰਦਾ ਸਾਡਾ ਹਾਲ ਵੇ।
ਛੱਡਦੇ ਨਾਨਕ ਦਾ ਪੱਲਾ,
ਪਾਲ਼ ਪਰਿਵਾਰ ਵੇ।
ਛੱਡਦੇ ਨਾਨਕ ਦਾ ਪੱਲਾ।
ਉਹ ਉੱਚੀ ਕੁਲ ਦਾ ਜਾਇਆ,
ਮਰਾਸੀ ਘਰ ਕਦੇ ਨਾ ਆਇਆ।
ਮੰਨਾਂ ਘਰ ਤੇਰੇ ਆਵੇ,
ਰੁੱਖੀ ਮਿੱਸੀ ਫੜ ਖਾਵੇ।
ਤੱਕਿਆ ਮਰਦਾਨੇ ਬਾਬਾ,
ਤੁਰਿਆ ਉਹਦੇ ਘਰ ਨੂੰ ਆਵੇ।
ਆਖਣ ਲੰਗਰ ਛਕਾ ਵੇ।
ਫੜ ਲਿਆ ਮਰਦਾਨੇ ਪੱਲਾ,
ਸੱਚੇ ਪਾਤਸ਼ਾਹ ਵੇ।
ਸਤਿਗੁਰੂ ਨਾਨਕ ਜੀ ਨੇ,
ਹਿਰਦੇ ਦੇ ਸ਼ੱਕ ਮਿਟਾਏ।
ਮਰਦਾਨਾ ਚੀਕਾਂ ਮਾਰੇ,
ਸਤਿਗੁਰੂ ਕੁਣਕੇ ਮੂੰਹ ਪਾਵੇ।
ਜਾਤਾਂ ਪਾਤਾਂ ਨਾ ਮੰਨਦਾ,
ਆਖੇ ਜਪੋ, ਸਤਿ ਕਰਤਾਰ ਵੇ।
ਓਸੇ ਹੱਥ ਸਭ ਦਾ ਪੱਲਾ,
ਸੱਚਾ ਨਿਰੰਕਾਰ ਵੇ।
ਓਸੇ ਹੱਥ ਸਭ ਦਾ ਪੱਲਾ।
ਸਰਬ ਸ਼ੁਕਰਾਨੇ ਕਰਦੀ,
ਨਾਨਕ ਨਾਨਕ ਨਿੱਤ ਗਾਵੇ।
ਬੋਲੇ, ਧੰਨ ਗੁਰੂ ਨਾਨਕ ਸਾਹਿਬ,
ਹਰ ਗੱਲ ਓਸੇ ਧਿਆਵੇ।
ਕੰਨੀ ਰਬਾਬ ਸੁਣੇ ਉਹ,
ਪੜ੍ਹੇ ਜਦ ਜਪੁਜੀ ਸਾਹਿਬ ਵੇ।
ਫੜਿਆ ਦਿਸੇ ਉਸਦਾ ਪੱਲਾ,
ਸਤਿ ਕਰਤਾਰ ਵੇ।
ਫੜਿਆ ਦਿਸੇ ਓਸਦਾ ਪੱਲਾ।