ਆਖਿਆ ਸੀ ਨਾ ਕੰਮ ਨਹੀਂ ਆਉਣੇ ਸੱਜਣਾ ਦੇ ਸਜਣਾਪੇ ।
ਨੁਕਰੇ ਲੱਗ ਕੇ ਅੰਦਰੋ-ਅੰਦਰੀ ਰੋ ਹੁਣ ਬੈਠਾ ਆਪੇ ।
ਏਸਰਾਂ ਉਸ ਵਹਿਮਾਂ ਮਾਰੇ ਨੇ ਬੇ-ਭਰਵਾਸਾ ਕੀਤਾ,
ਉਮਰਾਂ ਬੱਧਾ ਸਾਥ ਵੀ ਕੱਚੇ ਧਾਗੇ ਵਰਗਾ ਜਾਪੇ ।
ਪਹਿਲਾਂ ਚੌਧਵੀਂ ਰਾਤ ਦੇ ਚੰਨ ਦੀ ਮਸਤੀ ਘੁੱਟ ਘੁੱਟ ਪੀਤੀ,
ਮਗਰੋਂ ਨੇਰ੍ਹਾ ਕਰਕੇ ਕੀ-ਕੀ ਦੀਪਕ ਰਾਗ ਅਲਾਪੇ ।
ਆਪਣੇ ਸਭ ਜਗਰਾਤੇ ਘੂਕ ਸੁੱਤੇ ਦੇ ਅੱਗੇ ਧਰ ਕੇ,
ਪਰਤ ਆਇਆ ਹਾਂ ਪੁੱਠੇ ਪੈਰੀਂ ਬੇ ਆਵਾਜ਼ੀ ਚਾਪੇ ।
ਏਸੇ ਲਈ ਨਹੀਂ ਉਹਨਾਂ ਨੂੰ ਮੈਂ ਜਾ-ਜਾ ਮਿਲਦਾ 'ਅੰਜੁਮ'
ਮੈਥੋਂ ਨਹੀਉਂ ਦੇਖੇ ਜਾਂਦੇ ਯਾਰਾਂ ਦੇ ਇਕਲਾਪੇ ।