ਆਖ਼ਰੀ ਖ਼ਤ

ਮੇਰੇ ਮਹਿਬੂਬ ।

ਮੈਨੂੰ ਮਾਫ਼ ਕਰੀਂ ।

ਤੇਰਾ ਹੱਥ ਮੈਂ ਨਹੀਂ ਫੜ੍ਹ ਸਕਦਾ ।

ਇੱਕ ਹੱਥ 'ਚ ਮੈਂ ਕਲਮ ਚੱਕੀ ਐ ।

ਦੂਜਾ ਹੱਥ ਮੈਂ ਆਪਣੇ ਬਾਪੂ ਵੱਲ ਕੀਤਾ ਐ ।

ਜੇ ਮੈਂ ਅੱਜ ਪਿਉੁ ਦਾ ਹੱਥ ਨਾ ਫ਼ੜਿਆ,

ਤਾਂ ਮੈਨੂੰ ਡਰ ਹੈ ਕਿ ਕੱਲ੍ਹ ਉਹ ਅਖ਼ਬਾਰ ਦੀ ਸੁਰਖ਼ੀ ਨਾ ਬਣ ਜਾਵੇ ।

ਮੇਰੇ ਮਹਿਬੂਬ ।

ਮੇਰੇ ਘਰ ਕਈ ਵਾਰ ਦਾਣੇ ਵੀ ਨਹੀਂ ਹੁੰਦੇ ।

ਤੇ ਮੈਂ ਆਪਣੀ ਮਾਂ ਦਾ ਚਿਹਰਾ ਪੜ੍ਹ ਲੈਂਦਾ ਹਾਂ ।

ਤੇ ਮੰਜੇ 'ਤੇ ਪਿਆ ਆਖਦਾ ਹਾਂ ।

ਮਾਂ ਅੱਜ ਮੈਨੂੰ ਜਮ੍ਹਾ ਵੀ ਭੁੱਖ ਨਹੀਂ ।

ਮੇਰੇ ਮਹਿਬੂਬ ।

ਮੈਂ ਪੜ੍ਹਾਈ ਵੀ ਐਸੇ ਕਰਕੇ ਛੱਡ ਬੈਠਾਂ

। ਕਿ ਉਹੀ ਖਰਚਾ ਕੁਝ ਦਿਨਾਂ ਦੀ ਰਾਹਤ ਦੇ ਦਵੇ ਸਾਨੂੰ ।

ਮੈਂ ਤੈਨੂੰ ਰਾਣੀ ਕਿਵੇਂ ਬਣਾ ਸਕਦਾ ।

ਮੈਂ ਤਾਂ ਆਪਣੇ ਪਿਉੁ ਨੂੰ ਰਾਜਾ ਬਣਾਉਣ ਦੀ ਸੋਚੀ ਬੈਠਾਂ ।

ਮੇਰੇ ਮਹਿਬੂਬ ।

ਮੈਨੂੰ ਰਾਤ ਪਏ ਨੂੰ ਤੇਰੇ ਖਿਆਲ ਜਾਂ ਸੁਫ਼ਨੇ ਨਹੀਂ ਆਉਂਦੇ ।

ਮੇਰੇ ਪਿਉੁ ਦੇ ਝੁਰੜੀਆਂ ਪਏ ਹੱਥ ਮੈਨੂੰ ਰਾਤਾਂ ਨੂੰ ਸੌਣ ਨਹੀਂ ਦਿੰਦੇ ।

ਮੇਰੀ ਮਾਂ ਦੀਆਂ ਅੱਖਾਂ ਮੈਨੂੰ ਬੇਚੈਨ ਕਰਦੀਆਂ ਨੇ ।

ਮੇਰੇ ਮਹਿਬੂਬ ।

ਤੈਨੂੰ ਮੈਂ ਝਾਂਜਰ ਕਿਵੇਂ ਲੈ ਦੇਵਾਂ ।

ਮੈਂ ਮਾਂ ਦਾ ਗਹਿਣੇ ਪਿਆ ਹਾਰ ਛੁਡਵਾਉਣਾ ਐ ।

ਜੀ ਟੀ ਰੋਡ ਵਾਲੀ ਰੰਗਲੀ ਕੋਠੀ ਬਾਰੇ ਨਹੀਂ ਸੋਚ ਸਕਦਾ ।

ਕੱਚਾ ਘਰ ਜੋ ਚੋਅ ਰਿਹੈ ਉਸਦੀ ਹੀ ਸੋਚ ਮਾਰਦੀ ਐ ਮੈਨੂੰ ।

ਮੇਰੇ ਮਹਿਬੂਬ ।

ਪਿਆਰ ਤਾਂ ਮੈਂ ਵੀ ਕਰਦਾਂ ਤੈਨੂੰ ।

ਪਰ ਸਾਡੇ ਤਿੰਨ ਜੀਆਂ 'ਚ ਚੌਥਾ ਜੀਅ ਆ ਗਿਆ ਤਾਂ

ਮੈਨੂੰ ਡਰ ਹੈ ਕਿ ਮਾਂ ਦੀ ਥਾਲ 'ਚ ਪਈ ਇੱਕ ਰੋਟੀ,

ਕਿਤੇ ਅੱਧੀ ਨਾ ਹੋ ਜਾਵੇ ।

ਮੇਰੇ ਮਹਿਬੂਬ ।

ਮੈਨੂੰ ਮੁਆਫ਼ ਕਰਨਾ ।

ਕੱਲ੍ਹ ਪਿਆਰ ਦਾ ਦਿਨ ਸੀ ।

ਮੈਂ ਤੇਰੇ ਲਈ ਤੋਹਫ਼ਾ ਲੈਣ ਗਿਆ ਸੀ ।

ਪਰ ਬਾਪੂ ਦੀ ਖੰਘ ਦੀ ਦਵਾਈ ਲੈ ਕੇ ਮੁੜ ਆਇਆ ।

ਮੈਨੂੰ ਮੁਆਫ਼ ਕਰਨਾ ।

ਮੇਰੇ ਮਹਿਬੂਬ ।

ਆਹ ਮੇਰਾ ਆਖ਼ਰੀ ਖੱਤ ਐ ਤੈਨੂੰ ।

ਪੜ੍ਹ ਕੇ ਇਸਨੂੰ ਸਾੜ ਦਵੀਂ ।

ਕਿਤੇ ਸਾਡੀ ਮੁਹੱਬਤ ਹਾਸਾ ਨਾ ਬਣ ਜਾਵੇ ।

ਤਮਾਸ਼ਾ ਨਾ ਬਣ ਜਾਵੇ ।

ਅਲਵਿਦਾ ।

📝 ਸੋਧ ਲਈ ਭੇਜੋ