ਅੱਗੇ ਤੇਰੀ ਬਜ਼ਮ 'ਚ ਆਉਂਦੇ
ਸੰਸੇ ਕੁਲ ਹਿਆਤੀ ਵਾਲੇ
ਰਾਹ ਦੀ ਸਾਰੀ ਧੂੜ ਥਕਾਵਟ
ਪਾਏਦਾਨ ਦੇ ਨਾਲ ਪੂੰਝ ਕੇ
ਨਾਲ ਨਾ ਦਿਲ ਦਾ ਭਾਰ ਲਿਆਉਂਦੇ
ਅਤੇ ਰੂਬਰੂ ਹੁੰਦੇ ਸਾਰ ਸੁਰਖ਼ਰੂ ਹੁੰਦੇ
ਬਣ ਮਹਿਫ਼ਲ ਦੀ
ਰੌਣਕ ਅਤੇ ਸਜਾਵਟ
ਬੂਹਾ ਢੋ ਕੇ
ਬੋਲ ਆਸਡੇ
ਜਜ਼ਬੇ ਤਰਲ ਹੂਬਹੂ ਹੁੰਦੇ
ਦੋ ਘੜੀਆਂ ਦੀ ਮਿੱਠਤ ਈਕਣ
ਚਾਹ ਦੇ ਘੁੱਟਾਂ ਨਾਲ ਰਲਾ ਕੇ
ਸਿਗਰਟ ਧੂਏਂ ਨਾਲ ਸਮੇਂ ਦੀ ਸੀਮਾ ਢਾ ਕੇ
ਰੂਹ ਤੋਂ ਪਿਛਲੇ ਧੱਬੇ ਧੋ ਕੇ
ਕੁਝ ਤੇਰੇ
ਕੁਝ ਆਪਣੇ ਹੋ ਕੇ
ਹਲਕੇ ਹਲਕੇ ਆਉਂਦੇ ਸਾਂ
ਅੱਜ ਤੇਰੀ ਮਹਿਫ਼ਲ ਵੱਲ ਯਾਰਾ
ਦਿਲ ਵਿਚ ਲੈ ਕੇ ਮਾਣ ਤੁਰੇ ਸਾਂ
ਪੌਣਾਂ ਨਾਲ ਤੁਰੇ ਜਾਂ ਬੱਦਲ
ਰਿਹਾ ਨਾ ਹਸਰਤ ਅੱਗੇ ਚਾਰਾ
ਮੀਂਹ ਵਰ੍ਹਦੇ ਵਿਚ ਬੇਬਸ ਛਤਰੀ ਤਾਣ ਤੁਰੇ ਸਾਂ
ਐਪਰ ਗ਼ਮ ਦੀ ਛੁੱਟ 'ਚ ਈਕਣ ਭਿਜ ਕੇ ਆਏ
ਮਨ ਦਾ ਪਾਲਾ ਨਾਲ ਲਿਆਏ
ਹੁਣ ਤੇਰੀ ਮਹਿਫ਼ਲ ਵਿਚ
ਸਾਡਾ ਜੀ ਨਹੀਂ ਲੱਗਦਾ
ਗਿੱਲੇ ਭਿੱਜੇ ਲੀੜੇ ਲੈ ਕੇ
ਕਿੱਥੇ ਬਹੀਏ
ਕਿਸਨੂੰ ਕਹੀਏ
ਉਸ ਤਰਤੀਬ ਨਹੀਂ ਬੈਠਕ ਦੀ
ਕਿਉਂ ਮਹਿਫ਼ਲ ਵਿਚ ਭਿੱਜ ਨਾ ਹੋਵੇ
ਬਦਲ ਗਏ ਆਦਾਬ
ਕਿ ਅਸੀਂ ਗਵਾ ਬੈਠੇ ਹਾਂ
ਬੁੱਧੇ ਰੁੱਧੇ
ਜਿਵੇਂ ਸ਼ਰਮ ਦੇ ਕੈਦੀ ਹੋ ਕੇ
ਦੋ ਪਲ ਬਹਿ ਕੇ ਤੁਰ ਚੱਲੇ ਹਾਂ
ਅੰਦਰੋਂ ਅੰਦਰੀ ਜੀ ਰੋਇਆ ਹੈ
ਜਾਂਦੀ ਵਾਰੀ
ਸੋਚ ਰਹੇ ਹਾਂ
ਸਾਡੇ ਦਿਲ ਨੂੰ
ਜਾਂ ਮਹਿਫ਼ਲ ਨੂੰ
ਕੀ ਹੋਇਆ ਹੈ।