ਅੰਮੜੀ ਨੂੰ ਤਰਲਾ

ਜੰਮੀ ਨਾ ਨੀ ਮਾਏ ਸਾਨੂੰ ਇਹੋ ਜਿਹੇ ਪਿੰਡ ਜਿਥੇ ਸੱਧਰਾਂ 'ਤੇ ਸੰਗਲ ਰਵੇ ।

ਜਿਥੇ ਮੇਰੇ ਵੀਰ ਦੀਆਂ ਤੱਤੀਆਂ ਤਰੇਲੀਆਂ ਦਾ ਚੱਪਾ ਟੁਕ ਮੁੱਲ ਨਾ ਪਵੇ ।

ਜਿਹੜੇ ਪਿੰਡ ਲਾਵਾਂ ਦੀਆਂ ਅੱਖੀਆਂ 'ਚ ਅੱਥਰੂ,

ਤੇ ਸਿਹਰਿਆਂ ਦੇ ਅੱਖਾਂ ਵਿਚ ਅੱਗ ਨੀ ।

ਜੰਮਦੀਆਂ ਕੁੜੀਆਂ ਨੂੰ ਰੋਗ ਜਿਥੇ ਦਾਜ ਦਾ ਹੈ,

ਜਾਂਦਾ ਅਠਰਾਹੇ ਵਾਂਗੂ ਲੱਗ ਨੀ ।

ਜਿਹੜੇ ਪਿੰਡ ਸੋਨੇ ਦਿਆਂ ਬੁੰਦਿਆਂ ਦੀ ਥਾਵੇਂ,

ਕੰਨੀਂ ਭੁੱਖਿਆਂ ਦਾ ਹੌਕਾ ਹੀ ਪਵੇ ।

ਜੰਮੀ ਨਾ ਨੀ ਮਾਏ.........................

ਹੱਕਾਂ ਦਿਆਂ ਪੈਰਾਂ ਨਾਲ ਚੰਬੜੇ ਪਹਾੜ ਜਿੱਥੇ,

ਅਕਲਾਂ ਨੂੰ ਪੈ ਗਿਆ ਏ ਜੰਗ ਨੀ ।

ਲਹੂ ਦੇ ਨਿਸ਼ਾਨਾਂ ਵਾਲੇ ਹੱਥਾਂ ਵਿਚ ਟੁੱਟੀ ਜਾਪੇ,

ਔਹ ਜਿਹੜੀ ਰੁਲਦੀ ਐ ਵੰਗ ਨੀ ।

ਪਿੰਡਾ ਕਿਸੇ 'ਚੋਗੀ' ਦਾ ਨੀ ਨਰਮੇ ਦੇ ਫੁਟ ਜਿਹਾ,

ਖਿੜ ਕੇ ਵੀ ਰੋਂਦਿਆ ਰਵੇ ।

ਜੰਮੀ ਨਾ ਨੀ ਮਾਏ.........................

ਲਾਲ ਫੀਤੇ ਵਾਲੀ ਕਿਸੇ ਮੋਟੀ ਸਾਰੀ ਬਹੀ ਵਿਚ,

ਕੈਦ ਸਾਡੇ ਹੱਕਾਂ ਦੀ ਏ ਅੱਗ ਨੀ ।

ਰਾਠਾਂ ਦਿਆਂ ਕਿੱਲਾਂ ਵਾਲੇ ਬੂਟਾਂ ਦੇ ਨੀ ਠੁੱਡੇ ਖਾ ਕੇ,

ਪਾਟੀ ਮੇਰੇ ਬਾਪੂ ਦੀ ਏ ਪੱਗ ਨੀ ।

ਰੋਜ਼ੀ ਤੋਂ ਨਿਰਾਸ਼ ਕਿਸੇ ਅਬਲਾ ਦਾ ਹੌਕਾ ਆਖੇ,

"ਕੋਈ ਸਾਡੀ ਚਾਨਣੀ ਲਵੇ" ।

ਜੰਮੀ ਨਾ ਨੀ ਮਾਏ.........................

ਰੋਟੀ ਲੈਣ ਗਿਆ ਵੀਰ ਪੂੰਝਦਾ ਹੈ ਆਉਂਦਾ ਮਾਏ,

ਮੱਥੇ ਉਤੋਂ ਡਾਂਗਾਂ ਦਾ ਲਹੂ ।

ਰਾਠਾਂ ਦੀ ਹਵੇਲੀ ਵਿਚੋਂ ਖੁਸਿਆ ਸਰੀਰ ਲੈ ਕੇ,

ਮੁੜੀ ਮੇਰੇ ਵੀਰ ਦੀ ਬਹੂ ।

ਪੱਥਰਾਂ ਨੂੰ ਤੋੜੇ ਬਿਨਾ ਅੱਗ ਨਾ ਈਜਾਦ ਹੋਣੀ,

ਕਿਹੜਾ ਭੋਲੇ ਬਾਪੂ ਨੂੰ ਕਵੇ ।

ਜੰਮੀ ਨਾ ਨੀ ਮਾਏ.......................

📝 ਸੋਧ ਲਈ ਭੇਜੋ