ਆਓ! ਜੰਗਲ਼ੀ ਹੋਣਾ ਸਿੱਖੀਏ

ਆ ਆਪਾਂ ਇੱਕ ਵਾਰੀ ਫਿਰ ਤੋਂ

ਜੰਗਲ਼ੀ ਹੀ ਬਣ ਜਾਈਏ

ਜੰਗਲ਼ੀ  ਹੀ ਬਣ ਜਾਈਏ

ਆਪਾਂ ਜੰਗਲ਼ੀ ਜੀਅ ਬਣ ਜਾਈਏ

ਜੰਗਲ਼ੀ ਬਣ ਵਣ ਸੰਗਲੀ ਬਣ

ਕੁਦਰਤ ਵਿੱਚ ਸਮਾਈਏ

ਤਕਨੀਕਾਂ ਦੀਆਂ ਤਕਲੀਫ਼ਾਂ ਤੋਂ

ਰਾਹਤ ਨਿਜਾਤ ਵੀ ਪਾਈਏ

ਸਬਜ਼ ਸਾਵੀਆਂ ਵਾਦੀਆਂ ਦੇ ਵਿੱਚ

ਕੋਈ ਘਰੌਂਦਾ ਪਾਈਏ

ਪੰਖੀਆਂ ਵਾਂਗ ਕਲੋਲਾਂ ਕਰੀਏ

ਕਾਇਨਾਤੀ ਹੋ ਜਾਈਏ .

ਬੰਦੇ ਵਾਂਗੂ ਜੀਣਾ ਛੱਡਕੇ

ਜੀਵਾਂ ਵਾਂਗਰ ਰਹੀਏ

ਖ਼ਾਹਸ਼ਾਂ , ਹਵਸਾਂ , ਤਮ੍ਹਾ ਨੂੰ ਛੱਡਕੇ

ਲੋੜਾਂ ਦਾ ਲੜ ਫੜੀਏ

ਇਕਸੁਰ ਇਕਮਿਕ ਹੋਣਾ ਸਿੱਖੀਏ

ਨਾ ਲੜੀਏ ਨਾ ਮਰੀਏ

ਕੁਦਰਤ ਮਾਰੂ ਬੰਦਾ ਹੋਣੋ

ਜੰਗਲ਼ੀ ਹੋਣਾ ਚੰਗਾ ਹੈ

ਜੰਗਲ਼ ਦਾ ਹਰ ਪਸ਼ੂ ਪਰਿੰਦਾ

ਇਸ ਬੰਦੇ ਤੋਂ ਚੰਗਾ ਹੈ

ਅਜ਼ਲਾਂ ਤੋਂ ਸੁਹਬਤ ਵਿਚ ਜਿਨ ਦੀ

ਜੰਗਲ਼ ਰਿਹਾ ਬਹੁਰੰਗਾ ਹੈ .

ਕੱਚਾ ਮਾਲ ਸਮਝ ਇਹ ਬੰਦਾ

ਸਭ ਜੰਗਲ਼  ਪੁੱਟ ਦਿੰਦਾ ਹੈ

ਇਸਦੇ ਸਿਤਮ ਜ਼ੁਲਮ ਤੋਂ ਕੰਬਿਆ

ਹਰ ਇੱਕ ਪਸ਼ੂ ਪਰਿੰਦਾ ਹੈ

ਕੰਕਰੀਟ ਜੰਗਲ ਦਾ ਹਵਸੀ

ਜਾਨਵਰ ਅਸਲ 'ਚ ਬੰਦਾ ਹੈ

ਜੰਗਲ਼ੀ ਹੋਣ ਨੂੰ ਨਾਂਹਵਾਚੀ ਵੀ

ਕਹਿੰਦਾ ਏਹੋ ਬੰਦਾ ਹੈ

ਜੰਗਲ਼ੀ ਜੰਗਲ਼ੀ ਕਹਿ ਕੇ ਭੰਡਦਾ 

ਖ਼ੁਦ ਜੰਗਲ਼ੀ ਤੋਂ ਮੰਦਾ ਹੈ 

ਸਗਲ ਸ੍ਰਿਸ਼ਟੀ ਦੇ ਗਲ਼ ਇਸਨੇ

ਪਾਇਆ ਹੋਇਆ ਫੰਧਾ ਹੈ 

ਬੰਦੇ ਤੋਂ ਮੁੜ ਜੰਗਲੀ ਹੋਣ ਦੀ

ਜਾਚ ਆ ! ਫਿਰ ਤੋਂ ਸਿਖੀਏ

ਆ ਏਸ ਧਰਤ ਸੁਹਾਵੀ ਉੱਤੇ

ਹਰੀ ਇਬਾਰਤ ਲਿਖੀਏ 

📝 ਸੋਧ ਲਈ ਭੇਜੋ