ਆਓ ਨੀ ਸ਼ਿੰਗਾਰੋ ਮੈਨੂੰ ਗੁੰਦ ਗੁੰਦ ਮੇਢੀਆਂ
ਅਜ ਇਕਰਾਰਾਂ ਵਾਲੀ ਰਾਤ,
ਜੂਠੇ ਜੂਠੇ ਬੁੱਲਾਂ ਨਾਲ ਦਸੋ ਨੀ ਸਹੇਲੀਓ
ਕਿੰਜ ਟੋਰਾਂ ਸੱਚੀ ਸੁੱਚੀ ਬਾਤ ।
ਮੱਥੇ ਉਤੇ ਲਾਓ ਨੀਂ ਨਸੀਬਾਂ ਦੀਆਂ ਦੌਣੀਆਂ
ਸੱਧਰਾਂ ਦਾ ਡੋਹਲੋ ਨੀ ਸੰਧੂਰ,
ਕੰਨਾਂ ਵਿਚ ਪਾਓ ਮੇਰੀ ਤੋਬਾ ਵਾਲੇ ਕੋਕਲੇ
ਨੱਕ ਵਿਚ ਟੁੱਟਿਆ ਗ਼ਰੂਰ ।
ਨੈਣਾਂ ਵਿਚ ਪਾਓ ਮੇਰੇ ਕਜਲਾ ਉਡੀਕ ਦਾ
ਤਿੱਖੀ ਤਿੱਖੀ ਖਿੱਚਣੀ ਜੇ ਧਾਰ,
ਬੁੱਲਾਂ ਉਤੇ ਰਖੋ ਨੀ ਗੁਲਾਬ ਦੀਆਂ ਪੱਤੀਆਂ
ਠੋਡੀ ਉਤੇ ਤਿਲ ਪਹਿਰੇਦਾਰ ।
ਪੈਰਾਂ ਵਿਚ ਬੰਨ੍ਹੋ ਲੋਕ-ਲਾਜ ਦੀਆਂ ਝਾਂਜਰਾਂ
ਔਗਣਾਂ ਦੀ ਦੇਵੋ, ਖੜਤਾਲ,
ਬਣ ਕੇ ਦਿਵਾਨੀ ਅੱਜ ਮੀਰਾਂ ਵਾਂਗੂੰ ਨੱਚਣਾਂ
ਨੱਚ ਨੱਚ ਹੋਣਾ ਏਂ ਬੇਹਾਲ ।
ਨਵ੍ਹਾਂ ਤੇ ਸਜਾਓ ਦਸਾਂ ਨਵ੍ਹਾਂ ਦੀ ਕਮਾਈ ਸਈਓ
ਹੱਥਾਂ 'ਤੇ ਸਜਾਓ ਮੇਰੇ ਪਾਪ,
ਵੀਣੀ 'ਚ ਚੜ੍ਹਾਓ ਅਪਰਾਧਾਂ ਦੀਆਂ ਚੂੜੀਆਂ
ਚੀਚੀ 'ਚ ਗੁਨਾਹਾਂ ਵਾਲੀ ਛਾਪ ।
ਸੁਣਿਐਂ ਨੀ ਦੇਂਦਾ ਖੁੱਲੇ ਦਿਲ ਨਾਲ ਮਾਫੀਆਂ
ਸੱਚਾ ਸੱਚਾ ਬੋਲੀਏ ਜੇ ਝੂਠ,
ਭੀਲਣੀ ਦੇ ਜੂਠੇ ਜੂਠੇ ਬੇਰ ਵੀ ਨਾ ਛੱਡਦਾ
ਸੱਚੀ ਸੁੱਚੀ ਹੋਵੇ ਜੇ ਨੀ ਜੂਠ।
ਬੜਾ ਸ਼ੌਕ ਰਖਦਾ ਏ ਪੱਕੇ ਫਲ ਖਾਵਣੇ ਦਾ
ਝੰਬਦਾ ਨਾ ਕੱਚੇ ਕੱਚੇ ਬੂਰ,
ਗੁੱਛਿਆਂ ਦੇ ਗੁੱਛੇ ਮੇਰੀ ਜਿੰਦ ਨੂੰ ਨੇ ਲਗਦੇ
ਜ਼ਖ਼ਮਾਂ ਦੇ ਪੱਕੇ ਨੇ ਅੰਗੂਰ ।
ਘੋਟ ਘੋਟ ਲਾਓ ਮੈਨੂੰ ਦੁੱਖਾਂ ਦੀਆਂ ਮਹਿੰਦੀਆਂ
ਸੂਲਾਂ ਨਾਲ ਕਰੋ ਨੀ ਸ਼ਿੰਗਾਰ,
ਦੂਜੀ ਵਾਰ ਹੁੰਦੀ ਤੇ ਮੈਂ ਐਨਾਂ ਨਾ ਨੀਂ ਡੋਲਦੀ
ਜਾਣਾ ਅਜ ਪਹਿਲੀ ਪਹਿਲੀ ਵਾਰ ।