ਆਪ ਹੱਥੀਂ ਕੀਤਾ ਸਸਕਾਰ!

ਮਿਲੀ ਜਾਂ ਖਬਰ ਸਿੰਘ ਹੋ ਗਏ ਸ਼ਹੀਦ ਸਭੇ

ਜੂਝਕੇ ਤੇ ਵਿੱਚ ਚਮਕੌਰ!

ਮੰਨ ਵਿੱਚ ਤਾਂਘ ਉੱਠੀ ਕਰਕੇ ਸਰੀਰ ਕੱਠੇ

ਦੇਵਾਂ ਵੱਲ ਅਗਨੀ ਦੇ ਤੋਰ!

ਲੂੰਈਂ  ਕੰਡੇ  ਉੱਠਦੇ ਨੇ ਪੜਕੇ ਬਹਾਦਰੀ  ਨੂੰ

ਕੀਤਾ ਕਿੱਡਾ ਪਰਉਪਕਾਰ! 

ਬੀਬੀ ਹਰਸ਼ਰਨ ਨੇ ਯੋਧਿਆਂ ਲੜਾਕੂਆਂ ਦਾ  

ਆਪ ਹੱਥੀਂ ਕੀਤਾ ਸਸਕਾਰ!

ਕਲਗੀਆਂ ਵਾਲੇ ਦੇ ਦੋ ਵੱਡੇ ਫਰਜੰਦ ਏਥੇ  

ਪਾ ਗਏ ਸ਼ਹੀਦੀ ਏਸੇ ਥਾਂ!

ਜ਼ਾਲਮਾਂ ਨਾ" ਲੋਹਾ ਲੈਦੇ ਆਪਾ ਕੁਰਬਾਨ ਕੀਤਾ

ਕੌਂਮ ਦਾ ਵੀ ਉੱਚਾ ਕੀਤਾ ਨਾਂ" !

ਤੀਰਾਂ ਨਾ" ਸਰੀਰ ਵਿੰਨੇ ਦੋਵੇਂ ਸਾਹਿਬਜ਼ਾਦਿਆਂ ਦੇ

ਤੱਕਿਆ ਅਜੀਤ ਤੇ ਜੁਝਾਰ!

ਬੀਬੀ ਹਰਸ਼ਰਨ ਨੇ ਯੋਧਿਆਂ ਲੜਾਕੂਆਂ ਦਾ  

ਆਪ ਹੱਥੀਂ ਕੀਤਾ ਸਸਕਾਰ!

ਜੰਗਲ ਦੇ ਵਿੱਚੋ ਕਰ ਲੱਕੜਾਂ ਇਕੱਠੀਆਂ ਹਾਂ

ਸੁੱਕੀਆਂ ਤੇ ਜੋ ਸੀ ਦਮਦਾਰ!

ਲਾ ਕੇ ਢੇਰ ਇੱਕ ਵੱਡਾ ਸਾਰਾ ਲੱਕੜਾਂ ਦਾ

ਕਰ ਦਿੱਤੀ ਚਿਖਾ ਸੀ ਤਿਆਰ! 

ਜੋੜਕੇ ਤੇ ਹੱਥ ਥੋੜ੍ਹਾ ਆ ਕੇ ਵਿਰਾਗ ਵਿੱਚ

ਯਾਦ ਕੀਤਾ ਪ੍ਰਵਰਦਗਾਰ!

ਬੀਬੀ ਹਰਸ਼ਰਨ ਨੇ ਯੋਧਿਆਂ ਲੜਾਕੂਆਂ ਦਾ  

ਆਪ ਹੱਥੀਂ ਕੀਤਾ ਸਸਕਾਰ!

ਚੁੱਕ ਕੇ ਸ਼ਹੀਦ ਸਿੰਘ ਕੱਲੇ-ਕੱਲੇ ਸ਼ੇਰਨੀ ਨੇ

ਚਿਖਾ ਉੱਤੇ ਦਿੱਤੇ ਸੀ ਟਕਾ!

ਬਾਜ਼ਾ ਵਾਲੇ ਪਾਤਿਸ਼ਾਹ ਨੂੰ ਕਰਕੇ ਤੇ ਯਾਦ ਓਹਨੇ

ਦਿੱਤੀ ਫਿਰ ਅਗਨੀ ਵਖਾ!

ਲਾਟਾਂ ਬਣ-ਬਣ ਜਦੋ ਉੱਠੀਆਂ ਉਤਾਂਹ ਨੂੰ ਸੀ

ਵਹਿ ਤੁਰੇ ਹੰਝੂ ਛੰਮਸ਼ਾਰ!

ਬੀਬੀ ਹਰਸ਼ਰਨ ਨੇ ਯੋਧਿਆਂ ਲੜਾਕੂਆਂ ਦਾ  

ਆਪ ਹੱਥੀਂ ਕੀਤਾ ਸਸਕਾਰ!

ਮਚਦੀਆਂ ਲਾਟਾਂ ਜਦੋਂ ਮੁਗਲਾਂ ਨੇ ਵੇਖੀਆਂ ਜਾਂ

ਰਹਿ ਗਏ ਸੀ ਸਾਰੇ ਹੱਕੇ ਬੱਕੇ!

ਐਲੀ ਐਲੀ ਕਰ ਸਭ ਨੱਸੇ ਆਉਣ ਵਾਹੋ ਧਾਈ

ਹੱਥਾਂ ਵਿੱਚ ਬਰਸ਼ੇ ਸੀ ਚੱਕੇ!

ਹਾਂਕਮਾਂ ਤੋਂ ਮਿਲਣੇ ਇਨਾਮ ਮਿੱਟੀ ਰੋਲ ਦਿੱਤੇ

ਅੱਖਾਂ ਭਖ ਹੋਈਆਂ ਅੰਗਿਆਰ!

ਬੀਬੀ ਹਰਸ਼ਰਨ ਨੇ ਯੋਧਿਆਂ ਲੜਾਕੂਆਂ ਦਾ  

ਆਪ ਹੱਥੀਂ ਕੀਤਾ ਸਸਕਾਰ!

ਕੋਣ ਹੈ ਤੂੰ ਕਿੱਥੋਂ ਆਈ ਕਿਹੜਾ ਹੈ ਗਰਾਂ ਤੇਰਾ

ਮੁਗਲਾਂ ਨੇ ਪਾਏ ਵੱਟ ਮੱਥੇ!

ਏਨੀ ਆਖ ਬੀਬੀ ਚੁੱਕ ਚਿਖਾ ਵਿੱਚ ਸੁੱਟ ਦਿੱਤੀ

ਪਾ ਗਈ ਸ਼ਹੀਦੀ ਨਾਲ ਜੱਥੇ!

ਕਰਗੀ ਮਸਾਲ ਪੈਦਾ ਤਵਾਰੀਖ਼ ਪੰਨਿਆਂ ਤੇ

ਬੇਸ਼ੱਕ ਆਪਾ ਦਿੱਤਾ ਵਾਰ!

ਬੀਬੀ ਹਰਸ਼ਰਨ ਨੇ ਯੋਧਿਆਂ ਲੜਾਕੂਆਂ ਦਾ  

ਆਪ ਹੱਥੀਂ ਕੀਤਾ ਸਸਕਾਰ!

ਪੜ ਕੇ ਬਹਾਦਰੀ ਦਾ ਕਾਰਨਾਮਾ ਸਿੰਘਣੀ ਦਾ

ਸਿੱਖ ਕੌਂਮ ਕਰੇ ਅੱਜ ਨਾਜ਼!

ਏਸੇ ਨੂੰ ਤਾਂ ਕਹਿੰਦੇ ਪੀ ਕੇ ਅੰਮਿਤ ਬਾਟੇ ਵਾਲਾ

ਚਿੜੀਆਂ ਮੜੌਰੇ ਫਿਰ ਬਾਜ਼!

ਫਰੀਦਸਰਾਈਆ ਸੱਤਾ ਲਿਖਕੇ ਤੇ ਵਾਰਤਾ ਨੂੰ

ਸਭਾ 'ਚ ਸੁਣਾਵੇ ਬਾਰ-ਬਾਰ!

ਬੀਬੀ ਹਰਸ਼ਰਨ ਨੇ ਯੋਧਿਆਂ ਲੜਾਕੂਆਂ ਦਾ  

ਆਪ ਹੱਥੀਂ ਕੀਤਾ ਸਸਕਾਰ!

📝 ਸੋਧ ਲਈ ਭੇਜੋ