ਤਮਾਸ਼ਾ ਆਪ ਨਾ ਜੇ ਬਾਦਸ਼ਾਹੀਆਂ ਕਰਦੀਆਂ ਯਾਰੋ ।
ਨਾ ਹੁੰਦੇ ਕਤਲ ਬਾਜ਼ਾਂ ਤੋਂ, ਨਾ ਚਿੜੀਆਂ ਮਰਦੀਆਂ ਯਾਰੋ ।
ਉਹ ਜਿਹੜਾ ਹਰ ਪ੍ਰਾਹੁਣੇ ਵਾਸਤੇ ਬਣਦਾ ਸੀ ਗਲਵੱਕੜੀ
ਕਦੀ ਨਾ ਖੁੱਲ੍ਹਦੀਆਂ ਹੁਣ ਖਿੜਕੀਆਂ ਉਸ ਘਰ ਦੀਆਂ ਯਾਰੋ ।
ਸਰੋਵਰ ਜੰਮ ਕੇ ਜਦ ਬਰਫ਼ ਦਾ ਮੈਦਾਨ ਬਣਿਆ ਸੀ
ਭਲਾ ਉਸ ਵਿਚ ਕਿਵੇਂ ਮੁਰਗਾਬੀਆਂ ਫਿਰ ਤਰਦੀਆਂ ਯਾਰੋ ।
ਮਕਾਨਾਂ ਤੇ ਮਕਾਨਾਂ ਦੀ ਉਸਾਰੀ ਬਹੁਤ ਵੇਖੀ ਸੀ
ਨਹੀਂ ਸਨ ਵੇਖੀਆਂ ਕਬਰਾਂ ਇਉਂ ਉੱਸਰਦੀਆਂ ਯਾਰੋ ।
ਅਸਾਂ ਇਹ ਦੌਰ ਵੀ ਤੱਕਣਾ ਸੀ ਏਨੀ ਬੇਵਿਸਾਹੀ ਦਾ
ਕਿ ਕੰਧਾਂ ਅਰ ਦੀਆਂ ਇਕ ਦੂਸਰੀ ਤੋਂ ਡਰਦੀਆਂ ਯਾਰੋ ।
ਭੁਲੇਖਾ ਦਰ ਭੁਲੇਖਾ ਹੀ ਮਿਲੇਗਾ ਮੇਰੀ ਹਸਤੀ ਚੋਂ
ਫਰੋਲੋ ਇੰਜ ਨਾ ਤੈਹਾਂ ਮੇਰੇ ਅੰਦਰ ਦੀਆਂ ਯਾਰੋ ।