ਆਪਣੇ ਆਪ ਨੂੰ ਜਦ ਮੈਂ ਆਪਣੀ

ਆਪਣੇ ਆਪ ਨੂੰ ਜਦ ਮੈਂ ਆਪਣੀ, ਅੰਨ੍ਹੀ ਕਬਰੇ ਪਾਇਆ ਸੀ ।

ਸੂਰਜ ਦੂਰ ਦੁਰਾਡੇ ਲੁਕਿਆ, ਚੰਨ ਚੜ੍ਹਣੋ ਕਤਰਾਇਆ ਸੀ ।

ਮੇਰੇ ਵੀਰਿਆਂ ਅੱਜ ਤੱਕ ਮੈਨੂੰ, ਕੋਈ ਵੀ ਧੱਬਾ ਲਾਇਆ ਨਾ,

ਜੀਹਨੇ ਮੈਨੂੰ ਲੀਕਾਂ ਲਾਈਆਂ, ਉਹ ਮੇਰਾ ਈ ਸਾਇਆ ਸੀ ।

ਖ਼ਵਰੇ ਉਸ ਨੂੰ ਕਿਸ ਭੇਤੀ ਨੇ, ਦੇ ਦਿੱਤੀ ਉਸ ਦੀ ਕਨਸੂਹ,

ਮੈਨੇ ਆਪਣੇ ਦਿਲ ਕੋਲੋਂ ਵੀ, ਉਸ ਦਾ ਭੇਦ ਲੁਕਾਇਆ ਸੀ ।

ਮੈਂ ਤੇ ਵੈਰੀ ਜੱਗ ਨਾਲ ਕਦ ਦਾ, ਪੰਜਾ ਪਾਈ ਬੈਠਾ ਸਾਂ,

ਖ਼ਵਰੇ ਕੀਹਨੇ ਮੇਰੀ ਜ਼ਾਤ ਨੂੰ, ਮੇਰੇ ਨਾਲ ਉਲਝਾਇਆ ਹੀ ।

'ਆਰਿਫ਼' ਉਹ ਤੇ ਮੇਰੇ ਕੋਲੋਂ, ਆਪੇ ਪਿੱਛੇ ਹਟਿਆ ਸੀ,

ਮੈਂ ਤੇ ਉਸ ਨੂੰ ਕਦੇ ਨਾ ਨਿੰਦਿਆ, ਕਦੇ ਨਹੀਂ ਠੁਕਰਾਇਆ ਸੀ ।

📝 ਸੋਧ ਲਈ ਭੇਜੋ