ਆਪਣੇ ਅਕਸ ਨੂੰ ਵੇਖ ਕੇ ਮੈਂ ਘਬਰਾਇਆ ਸਾਂ

ਆਪਣੇ ਅਕਸ ਨੂੰ ਵੇਖ ਕੇ ਮੈਂ ਘਬਰਾਇਆ ਸਾਂ ।

ਸ਼ੀਸ਼ੇ ਅੱਗੇ ਮੈਂ ਜੀਵੇਂ ਇਕ ਸਾਇਆ ਸਾਂ ।

ਸਾਰੇ ਮੈਨੂੰ ਹੈਰਾਨੀ ਨਾਲ ਤੱਕਦੇ ਸਨ,

ਸਭ ਆਪਣੇ ਸਨ ਮੈਂ ਹੀ ਇਕ ਪਰਾਇਆ ਸਾਂ ।

ਮੀਂਹ ਦੇ ਰੂਪ ਜਮੀਂ ਨੂੰ ਜਲ ਥਲ ਕੀਤਾ ਸੀ,

ਮੈਂ ਅਸਮਾਨ ਤੇ ਬੱਦਲ ਬਣਕੇ ਛਾਇਆ ਸਾਂ ।

ਮੇਰੇ ਆਪਣੇ ਤਨ ਤੇ ਜ਼ਰਦੀ ਖਿੰਡਦੀ ਸੀ,

ਰੱਤ ਪਿਆ ਕੇ ਸੱਧਰਾਂ ਨੂੰ ਪਛਤਾਇਆ ਸਾਂ ।

ਲੋਕ ਬਦੀ ਆਪਣਾ ਕੇ ਕਿਉਂ ਮਗ਼ਰੂਰੇ ਸਨ,

ਮੈਂ ਤੇ ਨੇਕੀ ਕਰਕੇ ਵੀ ਸ਼ਰਮਾਇਆ ਸਾਂ ।

ਉਹ ਵੀ ਮੈਨੂੰ ਮੂਲ ਪਛਾਣ ਨਾ ਸਕਿਆ ਸੀ,

ਮੈਂ ਜੋਗੀ ਦਾ ਭੇਸ ਵਟਾ ਕੇ ਆਇਆ ਸਾਂ ।

ਫੁੱਲਾਂ ਰਾਹੀਂ ਕੀਵੇਂ ਜ਼ਾਹਰ ਹੋਇਆ ਹਾਂ,

ਮੈਂ ਤੇ ਮਰਕੇ ਮਿੱਟੀ ਵਿਚ ਸਮਾਇਆ ਸਾਂ!

📝 ਸੋਧ ਲਈ ਭੇਜੋ