ਹੇ ਮੇਰੇ ਪ੍ਰਿਯਦਰਸ਼ਨ ਬੱਚੇ
ਮੇਰੇ ਮਦਨ ਮੁਰਾਰ !
ਮੇਰੇ ਘਰ-ਬੰਧਨ ਵਿਚ ਆਏ
ਧਰ ਕੇ ਮੁੜ ਅਵਤਾਰ
ਨਮਸਕਾਰ ਲੱਖ ਵਾਰ !!
ਤੁਸਾਂ ਕੰਸ ਜਦ ਮਾਰ ਮੁਕਾਇਆ
ਓਸੇ ਦਿਨ ਤੋਂ ਵਿਆਪਣ ਲੱਗੀ
ਮੈਨੂੰ ਮੇਰੀ ਮਾਇਆ
ਆਪਣੇ ਹੀ ਘਰ ਦਾ ਮੈਂ ਚੇਰਾ
ਧਰਮ ਵੀ ਅਪਣਾ, ਕਰਮ ਵੀ ਅਪਣੇ
ਨਿਜ ਘੇਰੇ ਵਿਚ ਸਦਾ-ਵਸੇਰਾ
ਅਪਣਾ ਕੰਸ ਆਪ ਹੀ ਮੈਂ ਹਾਂ
ਕਿਸ ਤੋਂ ਮੁਕਤ ਕਰੋਗੇ ਮੈਨੂੰ
ਪ੍ਰਭ ਜੀ, ਕਰਨ ਲਈ ਆਏ ਹੋ
ਅੱਜ ਕਿਸ ਦਾ ਸੰਘਾਰ ?
ਮੇਰੇ ਮਦਨ ਮੁਰਾਰ !
ਉਸ ਦਿਨ ਮੋਹ-ਮਮਤਾ ਬਿਸਰਾ ਕੇ
ਹਰ ਪਹਿਰੇ 'ਤੇ ਡੰਗ ਚਲਾ ਕੇ
ਜਿਉਰ ਸਣੇ ਬਾਲਕ ਸੁਟ ਆਇਆ
ਦੇਸ ਪਰਾਏ ਆਪੇ ਜਾ ਕੇ
ਜਮਨਾ ਦਾ ਹੜ੍ਹ ਹਿੰਮਤ ਤੋੜੇ
ਬਾਲ ਵਿਲਕਣੀ ਪਿੱਛੇ ਮੋੜੇ
ਪਰ ਦਿਲ ਆਖੇ :
ਪਿਤਾ-ਮੁਕਤ ਬਾਲਕ ਜੋ ਜੀਵੇ
ਮਾਤ-ਮੁਕਤ ਜੀਵਣ-ਥਣ ਪੀਵੇ
ਉਹ ਹੈ ਹਰ ਮੁਕਤੀ ਦੀ ਯੁਕਤੀ
ਉਹ ਹੈ ਸਰਬ-ਉਧਾਰ
ਮੇਰੇ ਮਦਨ ਮੁਰਾਰ !
ਪਰ,
ਅਜ ਅਪਣੇ ਤੇ ਅਪਣਾ ਪਹਿਰਾ
ਤੇ, ਤੇਰੀ ਮਾਤਾ ਦੀ ਮਮਤਾ
ਇਸ ਦਾ ਜਲ ਜਮਨਾ ਤੋਂ ਗਹਿਰਾ
ਹੇ ਮੇਰੇ ਬਾਲਕ ਅਵਤਾਰੀ
ਤੇਰੀ ਹੋਣੀ ਮੇਟ ਦੇਣਗੇ
ਤੇਰਾ ਪਿਤਾ, ਤੇਰੀ ਮਹਿਤਾਰੀ
ਮੇਰੀ ਮੁਕਤੀ ਤੋਂ ਪਹਿਲਾਂ
ਨਿਜ ਮੁਕਤੀ ਲਵੋ ਸਵਾਰ
ਮੇਰੇ ਮਦਨ ਮੁਰਾਰ !
ਨਮਸਕਾਰ ਲੱਖ ਵਾਰ !