ਆਪਣੇ ਚਾਰ-ਚੁਫ਼ੇਰੇ ਦੇਖਾਂ, ਜੰਗਲ, ਬੇਲੇ, ਬਾਰਾਂ

ਆਪਣੇ ਚਾਰ-ਚੁਫ਼ੇਰੇ ਦੇਖਾਂ, ਜੰਗਲ, ਬੇਲੇ, ਬਾਰਾਂ ।

ਅੰਦਰ ਝਾਤੀ ਮਾਰਾਂ 'ਤੇ ਥਲ ਘੂਰਣ ਨਿੱਤ ਹਜ਼ਾਰਾਂ ।

ਜਿੰਦੜੀ ਦੇ ਬਿਨ ਬੂਹੇ ਗੁੰਬਦ, ਦਾ ਹਾਂ ਅਜਲੋਂ ਕੈਦੀ,

ਕੌਣ ਸੁਣੇਂਗਾ ਮੇਰੇ ਹਾੜ੍ਹੇ, ਕਿਸ ਨੂੰ ਦੱਸ ਪੁਕਾਰਾਂ ।

ਹਿਜਰ-ਫ਼ਿਰਾਕ ਦੇ ਲੱਖਾਂ ਰਸਤੇ, ਹਰ ਰਸਤਾ ਅੱਤ ਲੰਮਾ,

ਮੇਲ-ਮਿਲਾਪ ਦਾ ਇੱਕੋ ਪੈਂਡਾ, ਪੱਗ-ਪੱਗ ਮੰਜ਼ਿਲ ਮਾਰਾਂ ।

ਲੋਕਾਈ ਦੇ ਸੀਨੇ ਅੰਦਰ, ਸਚ ਹਰ ਪਲ ਕੁਰਲਾਵੇ,

ਲੱਜ ਆਵੇ ਮੈਨੂੰ ਇਹ ਕਹਿੰਦੇ, ਬੋਲਣ ਝੂਠ ਅਖ਼ਬਾਰਾਂ ।

ਕਰਜ਼ੇ ਲਾਹੁੰਦੇ ਲਾਹੁੰਦੇ 'ਆਰਿਫ਼', ਵਿਕ ਗਈ ਆਪਣੀ ਰੱਤ ਵੀ ।

ਮੈਂ ਮਕਰੂਜ਼ ਹਾਂ ਹਰ ਬੰਦੇ ਦਾ, ਕਿਸ ਦਾ ਲੇਖਾ ਤਾਰਾਂ ।

📝 ਸੋਧ ਲਈ ਭੇਜੋ