ਆਪਣੇ ਚਿਹਰੇ ਉੱਤੇ ਮੈਂ ਇਕ

ਆਪਣੇ ਚਿਹਰੇ ਉੱਤੇ ਮੈਂ ਇਕ ਖੌਲ ਚੜ੍ਹਾਈ ਰੱਖਣਾਂ ।

ਹਾਸਿਆਂ ਥੱਲੇ ਨਫ਼ਰਤ ਦੀ ਮੈਂ ਅੱਗ ਲੁਕਾਈ ਰੱਖਣਾਂ ।

ਪਾ ਲੈਨਾਂ ਵਾਂ ਆਪਣੇ ਗਲ ਵਿਚ ਆਪਣੀਆਂ ਹੀ ਬਾਹਵਾਂ,

ਚੇਤੇ ਕਰ ਕਰ ਉਹਦੀਆਂ ਯਾਦਾਂ ਵਕਤ ਟਪਾਈ ਰੱਖਣਾਂ ।

ਇੱਕੋ ਏ ਵਰਤਾਰਾ ਸਭ ਥੀਂ ਕੀ ਸੱਜਣ ਕੀ ਬੇਲੀ,

ਫੁੱਲਾਂ ਨਾਲ ਯਾਰਾਨਾ ਕੰਡਿਆਂ ਨਾਲ ਅਸ਼ਨਾਈ ਰੱਖਣਾਂ ।

ਉੱਚੀ ਨੀਵੀਂ ਗੱਲ ਜੇ ਹੋਵੇ ਚੁੱਪ ਕਰ ਕੇ ਸਹਿ ਜਾਨਾਂ,

ਏਸ ਤਰ੍ਹਾਂ ਵੀ ਯਾਰਾਂ ਦੇ ਨਾਲ ਸਾਂਝ ਨਿਭਾਈ ਰੱਖਣਾਂ ।

ਲੀਰ ਕਤੀਰਾਂ ਕਰ ਕੇ ਸੀਵਾਂ ਸੀਕੇ ਲੀਰਾਂ ਕਰਲਾਂ,

ਹੰਢਿਆ ਹੋਇਆ ਜੀਵਨ ਮੁੜ ਮੁੜ ਫੇਰ ਹੰਢਾਈ ਰੱਖਣਾਂ ।

ਰਚ ਗਿਆ ਏ ਸਾਡੇ ਜ਼ਿਹਨਾਂ ਵਿਚ ਕਰਨਾ ਦਿਖਲਾਵਾ,

ਝੂਠੀ ਸ਼ੋਭਾ ਦੇ ਲਈ ਸਿਰ ਤੇ ਕਰਜ਼ ਚੜ੍ਹਾਈ ਰੱਖਣਾਂ ।

ਜਿੱਥੋਂ ਤੀਕਣ ਝੁਕਿਆ ਜਾਵੇ ਝੁਕਦਾ ਰਹਿਣਾ 'ਜ਼ਖ਼ਮੀ',

ਨੀਵਾਂ ਹੋ ਕੇ ਉੱਚਿਆ ਤੇਰੀ ਸ਼ਾਨ ਵਧਾਈ ਰੱਖਣਾਂ ।

📝 ਸੋਧ ਲਈ ਭੇਜੋ