ਆਪਣੇ ਮੇਚ

ਮੇਰਾ ਕੱਜਣ ਮੈਨੂੰ ਦੇ ਦੇ 

ਅਪਣੀ ਪੋਸ਼ਾਕ ਲੈ ਜਾ

ਬਹੁਤ ਚਿਰ ਤੋਂ ਤੇਰੀ ਪੋਸ਼ਾਕ ਨੇ 

ਮੈਨੂੰ ਹੰਢਾਇਆ ਏ

ਮੇਰੀ ਕਾਇਆ ਦੀ ਮਿੱਟੀ ਮੁਸ਼ਕ ਚੱਲੀ ਏ 

ਪਰਾਏ ਪਰਦਿਆਂ ਅੰਦਰ 

ਮੈਨੂੰ ਸੁਹੰਢਣ ਆਪਣਾ ਦੇ ਦੇ 

ਪਹਿਲ ਵਾਰੀ ਪਹਿਣ ਕੇ ਜੋ 

ਤੇਰੀ ਦੁਨੀਆਂ 'ਚ ਆਇਆ ਸਾਂ

ਤੂੰ ਮੇਰਾ ਮੋਹਨ ਨਹੀਂ, ਤਾਂ ਵੀ 

ਕਿਨਾਰੇ ਤੇ ਪਈ ਪੋਸ਼ਾਕ ਨੂੰ ਲੈ ਜਾ 

ਮੈਨੂੰ ਪਾਣੀ, ਪਵਣ, ਧੁੱਪ, ਛਾਂ 

ਦੇ ਬਸਤਰ ਬੜੇ ਨੇ

ਹੁਨਾਲਾ ਪਹਿਨ ਕੇ ਪਾਣੀ ਚੋਂ ਲੰਘਾਂ

ਸਿਆਲਾ ਪਹਿਨ ਕੇ ਧੁੱਪਾਂ 'ਚ ਵਿਚਰਾਂ 

ਦਿਗੰਬਰ ਹੋ ਦਿਸ਼ਾ ਦੇ ਹਾਣ ਹੋ ਜਾਵਾਂ 

ਕਿਨਾਰੇ ਤੇ ਪਈ ਪੋਸ਼ਾਕ ਜੇ ਪਹਿਨਾਂ

ਕਿਨਾਰੇ ਤੋਂ ਪਰ੍ਹਾਂ ਮੈਂ ਜਾ ਨਹੀਂ ਸਕਦਾ 

ਕਿਨਾਰਾ ਹੀ ਜਿਵੇਂ ਮੈਨੂੰ ਪਹਿਨਦਾ ਹੈ

ਤੇਰੀ ਪੋਸ਼ਾਕ ਵਿਚ

ਇਕ ਅਜਨਬੀ ਦੇ ਵਾਂਗ

ਅਪਣੇ ਪਾਸ ਰਹਿੰਦਾ ਹਾਂ

ਕਦੀ ਦਰਪਣ 'ਚ ਅਪਣੇ ਆਪ ਨੂੰ ਮਿਲਦਾ ਹਾਂ, ਤਾਂ

ਖੰਡਿਤ ਜਿਹਾ ਦੀਦਾਰ ਹੁੰਦਾ ਹੈ

ਅਬਾਜੂ ਹੱਥ, ਅਧੜ ਗਰਦਨ, ਅਸਿਰ ਮੱਥਾ

ਕਿਸੇ ਬੁਰਕੀ ਹੋਈ ਤਸਵੀਰ ਦੇ

ਬਾਕੀ ਬਚੇ ਹਿੱਸੇ

ਮੈਂ ਅਪਣੇ ਆਪ ਦੀ ਬਾਕੀ

ਅਪਣਾ ਸਗਲ ਦੀਦਾਰ ਮੰਗਦਾ ਹਾਂ

ਤੇਰੀ ਪੋਸ਼ਾਕ ਦੇ ਮੇਰੇ ਲਈ ਵਿਣਤੀ ਗਈ -

ਕਾਇਆ ਦੀ ਹਰ ਵਾਫ਼ਰ ਕਤਰ ਦੇ ਦੇ

ਮੈਂ ਅਪਣੇ ਆਪ ਦੇ

ਕੁਝ ਮੇਚ ਹੋ ਜਾਵਾਂ

ਮੇਰਾ ਕੱਜਣ ਮੈਨੂੰ ਦੇ ਦੇ

ਅਪਣੀ ਪੋਸ਼ਾਕ ਲੈ ਜਾ

📝 ਸੋਧ ਲਈ ਭੇਜੋ