ਆਪਣੀ ਗੱਲ ਤੂੰ ਆਪੇ ਈ

ਆਪਣੀ ਗੱਲ ਤੂੰ ਆਪੇ ਈ ਰੱਦ ਕਰਦਾ ਏਂ ।

ਮੂੰਹੋਂ ਜੋ ਕੁੱਝ ਕਹਿੰਦਾ ਏਂ ਉਹ ਕਦ ਕਰਦਾ ਏਂ ।

ਵੱਖਰੀ ਗੱਲ ਏ ਮੇਰੀਆਂ ਆਸਾਂ ਢਹੀਆਂ ਨਹੀਂ,

ਤੂੰ ਤੇ ਸੱਜਣਾਂ ਬੜਾ ਤਰੱਦਦ ਕਰਦਾ ਏਂ ।

ਸਾਡਾ ਸੱਚ ਵੀ ਤੋੜ ਨਾ ਚੜ੍ਹਿਆ, ਹਰਿਆ ਏ,

ਤੇਰਾ ਖੋਟ ਵੀ ਪੁੱਗਦਾ ਏ ਤਦ ਕਰਦਾ ਏਂ ।

ਨਵਾਂ ਸ਼ਿਕਾਰ ਕਰਨ ਦਾ ਲਗਦਾ ਚਾਰਾ ਏ,

ਖ਼ਾਲ, ਨਮਾਇਆ ਹੋਰ ਤਿੱਖੇ ਜਦ ਕਰਦਾ ਏਂ ।

ਲੋਕੀ ਤੇ ਖੰਭਾਂ ਤੋਂ ਡਾਰ ਬਣਾਉਂਦੇ ਨੇ,

ਗੱਲ ਨੂੰ ਗਹੁ ਨਾਲ ਜਾਚਿਆ ਕਰ ਜਦ ਕਰਦਾ ਏਂ ।

ਕਦ ਤੱਕ ਓੜਕ ਪੱਬਾਂ ਭਾਰ ਖਲੋਵੇਂਗਾ,

ਅੱਡੀਆਂ ਚੁੱਕ ਚੁੱਕ ਕਿਉਂ ਉੱਚਾ ਕੱਦ ਕਰਦਾ ਏਂ ।

ਚੀਕਾਂ ਕਿਧਰੇ ਲਲਕਾਰੇ ਨਾ ਬਣ ਜਾਵਣ,

ਸੋਚ ਲਿਆ ਕਰ ਜਦੋਂ ਤਸੱਦਦ ਕਰਦਾ ਏਂ ।

ਖ਼ੁਦ ਗ਼ਰਜ਼ਾਂ ਤੋਂ ਰੱਖ਼ੇਂ ਆਸ ਵਫ਼ਾਵਾਂ ਦੀ,

ਝੱਲਿਆ 'ਸ਼ੈਦਾ' ਤੂੰ ਵੀ ਤੇ ਹੱਦ ਕਰਦਾ ਏਂ ।

📝 ਸੋਧ ਲਈ ਭੇਜੋ