ਆ ਨਾ ਧੀਏ
ਐਥੇ ਬਹੀਏ
ਪਲ ਭਰ ਦੋਵੇਂ ਸਾਹ ਲੈ ਲਈਏ
ਤੇਰੇ ਨਾਲ ਦੋ ਦਿਨਾਂ ਤੋਂ ਲੱਗਾ
ਮੇਰਾ ਮੋਢਾ ਥੱਕ ਗਿਆ ਏ
ਤੂੰ ਵੀ ਥਕ ਗਈ ਹੋਵੇਂਗੀ
ਵਗਦੇ ਰਾਹ ਤੋਂ ਪੋਟਾ ਵਿਥ ਤੇ
ਰਾਹੀਆਂ ਨੂੰ ਪਿੱਠ ਦੇ ਕੇ ਬਹੀਏ
ਹੁਣ ਤਾਂ ਨੰਗੀ ਪਿੱਠ ਦਾ ਉਹਲਾ ਹੀ ਕਾਫ਼ੀ ਏ
ਅੱਛਾ ਅੱਛਾ ਮੈਂ ਬਹਿੰਦੀ ਹਾਂ
ਤੂੰ ਲੇਟੀ ਰਹੁ, ਨੰਗੀ ਭੋਂ ਤੇ
ਕੁੱਲ ਘਰਾਂ ਦੀਆਂ ਕੰਧਾਂ ਟੁੱਟੀਆਂ
ਰੜਾ ਮੈਦਾਨ ਹੀ ਸਭ ਦਾ ਘਰ ਏ
ਦੋ ਦਿਨ ਤੋਂ ਅਸੀਂ ਤੁਰੀਏ ਤੁਰੀਏ
ਨਾ ਮੈਂ ਪੱਕੀ ਨਾ ਤੂੰ ਖਾਧੀ
ਧੀਏ ਤੈਨੂੰ ਭੁਖ ਨ ਲੱਗੀ ?
ਤੈਨੂੰ ਪਤੈ ਕਿ ਤੇਰਾ ਅੱਬਾ, ਤੇਰਾ ਵੀਰਾ
ਦੋਵੇਂ ਕਿੱਥੇ ਜਾ ਸੁੱਤੇ ਨੇ
ਸਾਡੇ ਘਰ ਦੇ ਐਨ ਸਾਹਮਣੇ
ਚੌੜੀ ਸੜਕੇ, ਬਿਜਲੀ ਦੇ ਖੰਭੇ ਦੀ ਛਾਵੇਂ
ਨਹੀਂ ਨਹੀਂ, ਓਥੇ ਕਾਹਦਾ ਡਰ ਹੈ
ਹੁਣ ਸੜਕਾਂ ਤੇ ਮੋਟਰ ਰਿਕਸ਼ੇ ਕੋਈ ਨ ਚਲਦੇ
ਹੁਣ ਓਥੇ ਗੋਲੀ ਚਲਦੀ ਏ ਕਲ-ਮੁਕੱਲੀ
ਗੋਲੀ ਤਾਂ ਅਸਲੋਂ ਨਿਕੜੀ ਏ
ਮੇਰੀਏ ਧੀਏ ਤੇਰਾ ਵੀਰਾ ਨਹੀਂ ਇਕੱਲਾ
ਪਿਓ ਪੁਤ ਦੋਵੇਂ ਇਕ ਦੂਜੇ ਦੀ ਗਲਵਕੜੀ ਵਿਚ
ਡੂੰਘੇ ਸੁੱਤੇ ਗੋਲੀ ਖਾ ਕੇ
ਤੜਕ ਸਵੇਰੇ ਉਠ ਕੇ ਘਰ ਨੂੰ ਤੁਰ ਜਾਵਣਗੇ
ਆ ਤੈਨੂੰ ਕਰਦਾਂ ਰਤਾ ਕੁ ਵੱਖੀ ਪਰਨੇ, ਧੀਏ
ਪਈ ਪਈ ਦਾ ਪਾਸਾ ਐਵੇਂ ਅੰਬ ਜਾਏਗਾ
ਤੇਰਾ ਅੱਬਾ ਟੁੱਟੇ ਘਰ ਦੀ ਸਭ ਮੁਰੰਮਤ ਕਰਵਾਏਗਾ
ਘਰ ਦੀ ਨੰਗੀ ਵੱਖੀ ਥਾਣੀ
ਆਉਂਦੇ ਜਾਂਦੇ ਅੰਦਰ ਐਵੇਂ ਪਾਉਣ ਝਾਤੀਆਂ
ਕੰਧ ਮੁਰੰਮਤ ਕਰ ਕੇ ਸਾਨੂੰ ਲਭਦਾ ਆਊ