ਮੈਂ ਕੋਈ ਆਰੰਭ ਕਰਨਾ ਹੈ ਅਜੇ
ਹੌਸਲੇ ਵਾਲਾ, ਬਹੁਤ ਬਲਵਾਨ ਹਾਂ ਯੋਧਾ ਬੜਾ।
ਪਰ ਅਜੇ ਤਕ
ਆਪਣੇ ਘਰ ਦੀ ਹੀ ਸਰਦਲ 'ਤੇ ਖੜਾਂ,
ਮੈਂ ਤਾਂ ਪਹਿਲਾ ਕਦਮ ਭਰਨਾ ਹੈ ਅਜੇ।
ਕਿਸ ਲਈ ?
ਕਿੱਦਾਂ ਤੇ ਕੀ ਕਰਦਾ ਰਿਹਾਂ ?
ਮੈਂ ਤਾਂ ਹੁਣ ਤਕ ਜ਼ਿੰਦਗੀ ਨੂੰ ਮੁਲਤਵੀ ਕਰਦਾ ਰਿਹਾਂ।
ਪਰਖ ਕੇ ਵੇਖਾਂ ਮੈਂ ਆਪਣੇ ਕਰਤਵਾਂ ਨੂੰ ਕਿਸ ਤਰ੍ਹਾਂ?
ਅਜੇ ਤਾਂ ਬਾਕੀ ਹੈ ਸਭ ਕਸਵੱਟੀਆਂ ਨੂੰ ਪਰਖਣਾ।
ਆਪਣੀ ਮਜ਼ਬੂਰੀਆਂ ਦਾ
ਮੈਂ ਕਿਤੇ ਇਲਜ਼ਾਮ ਧਰਨਾ ਹੈ ਅਜੇ।
ਸੋਚਦਾਂ, ਆਰੰਭ ਕੀ ਹੈ?
ਸੋਚਦਾਂ, ਆਰੰਭ ਹੈ ਵੀ?
ਇਹ ਸੁਪਨ, ਇਹ ਕਲਪਣਾ,
ਇਹ ਅਡੰਬਰ, ਇਹ ਉਡਾਰੀ,
ਇਹ ਘਾਲਣਾ,
ਇਹ ਖ਼ਿਆਲਾਂ ਦੇ ਜਫ਼ਰ ਦਾ ਜਾਲਣਾ,
ਜਾਪਦਾ ਕੋਸ਼ਿਸ਼ ਨਿਗੂਣੀ ਜਹੀ ਹੈ !
ਏਸ ਕੋਸ਼ਿਸ਼ ਦਾ ਕੋਈ ਮਕਸਦ ਵੀ ਹੈ?
ਆਪਣੇ ਲਫ਼ਜਾਂ 'ਚ ਕੋਈ ਅਰਥ ਭਰਨਾ ਹੈ ਅਜੇ।
ਕੰਢੇ ਉੱਤੇ ਬੈਠ ਕੇ ਘਰ ਬਣਾਏ ਹਨ ਸਲ੍ਹਾਬੀ ਰੇਤ ਦੇ
ਐਵੇਂ ਘੋਗੇ ਸਿੱਪੀਆਂ ਚੁਗਦਾ ਰਿਹਾਂ
ਐਵੇਂ ਕੌਡਾਂ ਨਾਲ ਹੀ ਪੁਗਦਾ ਰਿਹਾਂ।
ਪਰ ਨਹੀਂ ਟੁੱਟਾ ਯਕੀਨ
ਇਹ ਮਹਾਂ ਸਾਗਰ 'ਚ ਇਕ ਤੂਫ਼ਾਨ ਤਰਨਾ ਹੈ ਅਜੇ।
ਮੈਂ ਕੋਈ ਆਰੰਭ ਕਰਨਾ ਹੈ ਅਜੇ !