ਆਰਦੀਆਂ ਨਾ ਪਾਰਦੀਆਂ

ਆਰਦੀਆਂ ਨਾ ਪਾਰਦੀਆਂ, ਡੋਬਦੀਆਂ ਨਾ ਤਾਰਦੀਆਂ । 

ਭੂਲ ਭੁਲਯਾਂ ਬਣੀਆਂ ਨੇ, ਗੱਲਾਂ ਮੇਰੇ ਯਾਰ ਦੀਆਂ।

ਇਧਰ ਜ਼ੋਰ ਵਫ਼ਾਵਾਂ ਦਾ, ਉਧਰ ਜ਼ੋਰ ਜਫ਼ਾਵਾਂ ਦਾ 

ਮੈਨੂੰ ਇਹ ਵੀ ਮਾਰਦੀਆਂ, ਮੈਨੂੰ ਉਹ ਵੀ ਮਾਰਦੀਆਂ।

ਹਰ ਥਾਂ ਪਈਆਂ ਹੋਈਆਂ ਹਨ, ਹਰ ਮਹਿਫ਼ਲ ਵਿਚ ਹੁੰਦੀਆਂ ਨੇ 

ਧੁੱਮਾਂ ਤੇਰੇ ਹੁਸਨ ਦੀਆਂ, ਗੱਲਾਂ ਮੇਰੇ ਪਿਆਰ ਦੀਆਂ।

ਝੂਠੇ ਵਅਦੇ ਕਰਦੇ ਹੋ, ਉਲਫ਼ਤ ਦਾ ਦਮ ਭਰਦੇ ਹੋ 

ਨਾਂ ਵੀ ਹੈ ਤੇ ਹਾਂ ਵੀ ਹੈ, ਕਿਆ ਬਾਤਾਂ ਸਰਕਾਰ ਦੀਆਂ !

ਹੁਸਨ ਤਿਰਾ ਹੈ ਤੇਜ਼ ਜਿਨੂੰ, ਪਾਣ ਚੜੀ ਹੈ ਨਖ਼ਰੇ ਦੀ 

ਦੋ ਧਾਰੀ ਤਲਵਾਰ ਦੀਆਂ, ਸੱਟਾਂ ਦਿਲ ਨੂੰ ਮਾਰਦੀਆਂ ।

ਹਸ ਹਸ ਕੇ ਦਿਲ ਖਸਦਾ ਹੈ, ਬੇਦਿਲ ਕਰਕੇ ਹਸਦਾ ਹੈ 

ਦਿਲ ਲੈ ਕੇ ਦਿਲ ਦੇਂਦਾ ਨਹੀਂ, ਕਿਆ ਬਾਤਾਂ ਦਿਲਦਾਰ ਦੀਆਂ।

ਬੱਚੇ ਖੇਲਾਂ ਕਰਦੇ ਨੇ, ਬੁੱਢੇ ਹੌਕੇ ਭਰਦੇ ਨੇ

ਮਿਲਣਗੀਆਂ ਨਹੀਂ ਫੇਰ ਕਦੇ, ਇਹ ਉਮਰਾਂ ਵਿਚਕਾਰ ਦੀਆਂ ।

ਓਨਾਂ ਦੀ ਪਰਵਾਹ ਨਾ ਕਰ, ਓਨਾਂ ਦਾ ਅਹਿਸਾਨ ਨ ਝਲ 

ਡੋਬਦੀਆਂ ਨੇ ਜੋ ਛੱਲਾਂ, ਜੋ ਲਹਿਰਾਂ ਨੇ ਤਾਰਦੀਆਂ।

ਫਾਂਸੀ ਦੇ ਫੰਧੇ ਦੇ ਵਲ, ਹਸ ਹਸ ਕੇ ਮੈਂ ਜਾਵਾਂਗਾ। 

ਮੈਨੂੰ ਜ਼ੁਲਫ਼ਾਂ ਯਾਰਦੀਆਂ, ਬਿਦ ਬਿਦ ਕੇ ਨੇ ਮਾਰਦੀਆਂ ।

ਬੁਜ਼ਦਿਲ ਦੇ ਵਾਂਗੂੰ ਮਰਨਾਂ, ਬੁਜ਼ਦਿਲ ਦੇ ਵਾਗੂੰ ਜੀਣਾ 

ਰਿੰਦ ਕਦੇ ਵੀ ਕਰਦੇ ਨਹੀਂ, ਗੱਲਾਂ ਇਸ ਪ੍ਰਕਾਰ ਦੀਆਂ । 

ਸਾਕ਼ੀ ਦੇ ਕੇ ਮੋਹ ਲੀਤਾ, ਫਿਰ ਉਹ ਉਸ ਤੋਂ ਖੋਹ ਲੀਤਾ, 

ਰਿੰਦ ਤੇ ਅਜਕਲ ‘ਹਮਦਰਦਾ' ਮੇਹਰਾਂ ਨੇ ਕਰਤਾਰ ਦੀਆਂ।

📝 ਸੋਧ ਲਈ ਭੇਜੋ