ਆਸ ਰੱਖਦੇ ਹਨ

ਵੱਟੋ ਵੱਟ ਹੋ ਜਾਂਦੀ ਹੈ - ਆਲਮ ਦੀ ਸਿਆਹ ਚਾਦਰ 

ਜਦ ਵਿਹੜੇ ਵਿੱਚ ਕੁੱਕੜ ਦੀ ਬਾਂਗ ਛਣਕ ਉੱਠਦੀ ਹੈ 

ਗੀਤ ਆਲ੍ਹਣਿਆਂ ’ਚੋਂ ਨਿੱਕਲ ਕੇ ਬਾਹਰ ਆਉਂਦੇ ਹਨ 

ਤੇ ਹਵਾ ਵਿੱਚ ਖੁਰਚ ਦਿੰਦੇ ਹਨ

ਸ਼ਹੀਦਾਂ ਦੇ ਅਮਿੱਟ ਚੇਹਰੇ, ਮਿੱਟੀ ਦਾ ਸਭ ਤੋਂ ਸੁਹਾਣਾ ਸਫਰ।

ਚਾਨਣ ਦੀ ਪਹਿਲੀ ਸ਼ੁਆ ਸੰਗ

ਫੈਲਦੀਆਂ ਹਨ ਇਸ ਕਦਰ ਤਸਵੀਰਾਂ

ਕਿ ਕਿਸੇ ਦੇਸ਼ ਭਗਤ ਯਾਦਗਾਰ ਹਾਲ ਦੀ ਮਜ਼ਬੂਰ ਵਲਗਣ 'ਤੇ 

ਬੇਪਰਵਾਹ ਹੱਸਦਾ ਹੈ ਤਸਵੀਰਾਂ ਦਾ ਅਕਾਰ।

ਤੁਸੀਂ ਜਦ ਵੀ ਕਿਸੇ ਨੂੰ ਨਮਸਕਾਰ ਕਰਦੇ ਹੋ 

ਜਾਂ ਹੱਥ ਮਿਲ਼ਾਉਂਦੇ ਹੋ

ਉਨ੍ਹਾਂ ਦੇ ਬੁੱਲ੍ਹਾਂ ਤੋਂ ਤਿਲਕੀ ਹੋਈ ਮੁਸਕਰਾਹਟ 

ਤੁਹਾਡੀ ਪ੍ਰਕਰਮਾ ਕਰਦੀ ਹੈ 

ਤੁਸੀਂ ਜਦ ਕਿਤਾਬਾਂ ਪੜ੍ਹਦੇ ਹੋ 

ਤਾਂ ਅੱਖਰਾਂ 'ਤੇ ਫੈਲ ਜਾਂਦੇ ਹਨ 

ਉਨ੍ਹਾਂ ਦੇ ਅਮਲ ਅਤੇ ਸਿੱਖਿਆਵਾਂ,

ਜਦ ਸਮਾਜ ਦੇ ਕੁਰਖਤ ਸੀਨੇ 'ਤੇ 

ਹੁੰਦਾ ਹੈ ਛਵੀਆਂ ਦਾ ਨਾਚ

ਜਦ ਤੱਤੇ ਲਹੂ ਬੱਕਰੇ ਬੁਲਾਉਂਦੇ ਹਨ

ਜਾਂ ਜਦ ਢਿੱਡ ਦੀ ਗੁੜਗੁੜਾਹਟ ਨਾਹਰਾ ਬਣਦੀ ਹੈ

ਤਾਂ ਕਦੀ ਰੋਂਦੇ ਕਦੀ ਮੁਸਕਰਾਉਂਦੇ ਹਨ - ਸਲੀਬ ਦੇ ਗੀਤ

ਤੁਹਾਡੇ ਕੋਲ਼ ਚੌਅ ਹੈ ਜਾਂ ਖਰਾਦ ਦੀ ਹੱਥੀ

ਤੁਹਾਡੇ ਪੈਰਾਂ 'ਚ ਸਵੇਰ ਹੈ ਜਾਂ ਸ਼ਾਮ

ਤੁਹਾਡੇ ਅੰਗ ਸੰਗ ਤੁਹਾਡੇ ਸ਼ਹੀਦ

ਤੁਹਾਥੋਂ ਕੋਈ ਆਸ ਰੱਖਦੇ ਹਨ।

📝 ਸੋਧ ਲਈ ਭੇਜੋ