ਆਸਾਂ ਰੱਖ ਸਵੇਰੇ ਉੱਤੇ

ਆਸਾਂ ਰੱਖ ਸਵੇਰੇ ਉੱਤੇ 

ਕਾਹਦਾ ਰੋਸ ਹਨੇਰੇ ਉੱਤੇ

ਅਲਫ਼ੋਂ ਪਹਿਲਾਂ ਬੇ ਆਖਾਂ ਤੇ 

ਬੁੱਲ੍ਹਾ ਹੱਸਦਾ ਮੇਰੇ ਉੱਤੇ 

ਕਾਗਾ ਮੋਏ ਮੁੜ ਨਈ ਆਉਂਦੇ 

ਨਾ ਹੁਣ ਬੈਠ ਬਨੇਰੇ ਉੱਤੇ

ਮੱਲੋ ਜ਼ੋਰੀ ਆ ਗਈਆਂ ਨੇ 

ਦਿਲ ਦੀਆਂ ਗੱਲਾਂ ਚਿਹਰੇ ਉੱਤੇ

ਰੱਬ ਘਮਿਆਰ ਦੇ ਚੱਕ ਤੇ ਬੈਠਾ 

ਦੁਨੀਆਂ ਘੁੰਮਣ ਘੇਰੇ ਉੱਤੇ

ਸ਼ੀਸ਼ੇ ਨੂੰ ਕੀ ਦੋਸ਼ ਜਦੋਂ ਨੇ 

ਸੌ ਸੌ ਪਰਦੇ ਚਿਹਰੇ ਉੱਤੇ

ਦਿਲ ਦੇ ਅੰਦਰ ਟਾਵੇਂ ਟਾਵੇਂ 

ਰਹਿੰਦੇ ਲੋਕ ਬਥੇਰੇ ਉੱਤੇ

📝 ਸੋਧ ਲਈ ਭੇਜੋ