ਜਦ ਗੱਲ ਹੋਵੇ ਮੇਰੇ ਦਰਦਾਂ ਦੀ, ਕੰਨ ਤਾਂ ਬਥੇਰੇ ਧਰਦੇ ਨੇ।

ਪਰ ਫੱਟ ਖਾਧੇ ਹੋਏ ਦਿਲ ਹੀ, ਹੁੰਘਾਰਾ ਸੱਚਾ ਭਰਦੇ ਨੇ।

ਆਸ਼ਕ ਉੱਚੇ ਸਭ ਤੋਂ ਜੱਗ ਤੇ, ਅਕਲਾਂ ਤੋਂ ਨਾ ਹਰਦੇ ਨੇ।

ਸੂਲੀ ਚੜ੍ਹ ਜਾਂ ਆਰੇ ਹੇਠ, ਗੱਲ ਯਾਰ ਦੇ ਵੱਲ ਦੀ ਕਰਦੇ ਨੇ।

ਸਾਧਾਂ, ਚੋਰਾਂ ਇੱਕੋ ਚੋਲਾ, ਇੱਕੋ ਜਿਹੇ ਹੀ ਸਰਦੇ ਨੇ।

ਕੁਦਰਤ ਦੇ ਰੰਗ ਵੇਖੋ ਲੋਕੋ, ਕੈਸੇ ਪਾਏ ਪਰਦੇ ਨੇ।

ਓਹਨਾ ਲਈ ਇਹ ਪਾਗਲਪਣ, ਜੋ ਜਾਨ ਜਾਣ ਤੋਂ ਡਰਦੇ ਨੇ।

ਰੌਸ਼ਨ ਉਹ ਪਰਵਾਨੇ ਹੀ, ਖੁਦ ਸ਼ਮਾ ਤੇ ਜਾ ਜੋ ਮਰਦੇ ਨੇ।

"ਮੰਡੇਰ" ਜਿਹੇ ਕੱਚੇ ਜਜਬੇ ਦੇ, ਨਾ ਡੁਬਦੇ, ਨਾ ਤਰਦੇ ਨੇ।

ਨਾਂ ਯਾਰ ਦਾ ਲੈ ਜੋ ਠਿੱਲ ਜਾਂਦੇ, ਓਹੀ ਇਸ਼ਕ ਝਨਾਂ ਸਰ ਕਰਦੇ ਨੇ॥

📝 ਸੋਧ ਲਈ ਭੇਜੋ