ਆਸ਼ਕਾਂ ਦੇ ਬੁੱਤ

ਮੇਰੇ ਚੰਮ ਦਾ ਤੂੰ ਕਾਗਜ਼ ਬਣਾ,

ਤੇ ਮੇਰੀਆਂ ਹੱਡੀਆਂ ਦਾ ਚੂਰਾ ਸਿਆਹੀ 'ਚ ਪਾ।

ਮੇਰਾ ਦਿਲ ਸੁੱਕਾ ਕੇ ਪੀਸ ਲਵੀਂ,

ਆਸ਼ਕਾਂ ਨੂੰ ਬਚਾਉਣ ਵਾਲੀ ਦਵਾਈ 'ਚ ਪਾ।

ਕੱਢੋ ਮੇਰੇ ਦਿਲ 'ਚੋਂ ਹੈ ਖੂਨ ਜਿੰਨਾ,

ਵੰਡੋ ਬੂੰਦ-ਬੂੰਦ ਹਰ ਆਸ਼ਕ ਨੂੰ।

ਸ਼ਮਸ਼ਾਨ 'ਚ ਭਟਕਦਾ ਕੋਈ ਆਸ਼ਕ ਹੋਣਾ,

ਦੇ ਸਾਹ ਮੇਰੇ ਬਚਾ ਲਿਓ ਆਸ਼ਕ ਨੂੰ।

ਇਸ਼ਕੇ ਦਾ ਰੋਗ ਜਿਹਨਾਂ ਲੱਗਿਆ,

ਦੱਸਿਓ ਇੱਕ ਤਾਰਾ ਟੁੱਟੇ ਤੇ ਕੁਰਲਾਇਆ ਕਿਵੇਂ।

ਮਹਿਬੂਬ ਦੇ ਨਾਵੇਂ ਸਾਹ ਕਰਕੇ,

ਠੰਡੇ ਹੁੰਦੇ ਨਾ ਫੇਰ ਹੁਣ ਦਿਖੇ ਸਿਵੇ।

ਬੋਟੀ-ਬੋਟੀ ਕੱਟ ਮੇਰੀ ਪਾ ਦਈਂ ਕੁੱਤਿਆਂ ਨੂੰ,

ਸੁਣਾ ਕੇ ਕਲਾਮ ਮੇਰੇ ਉੱਠਾ ਦਈਂ ਸੁੱਤਿਆਂ ਨੂੰ।

ਜਿਹੜੇ ਕਹਿੰਦੇ ਜਿਸਮਾਂ ਦਾ ਪਿਆਰ ਇਸ਼ਕ,

ਦੱਸ ਦਈਂ ਹਾਲ ਇਸ਼ਕ ਵਾਲਾ ਇਹਨਾਂ ਝੂਠਿਆਂ ਨੂੰ।

ਕਫ਼ਨ ਦਿਉ ਮੇਰੇ 'ਤੇ ਮਹਿਬੂਬ ਦੀ ਚੁੰਨੀ ਦਾ,

ਸੇਕਾ ਸੇਕ ਲਿਓ ਸਾਰੇ ਮੇਰੀ ਲਾਸ਼ ਦੀ ਧੂਣੀ ਦਾ।

ਮੈਂ ਆਪਣੇ ਇਸ ਹਾਲ ਦਾ ਦੋਸ਼ੀ ਖ਼ੁਦ ਆਂ,

ਚਿਹਰਾ ਢੱਕ ਦਿਉ ਇਸ਼ਕ ਦੇ ਇਸ ਖ਼ੂਨੀ ਦਾ।

ਆਸ਼ਕਾਂ ਦੇ ਬੁੱਤ ਜੇ ਜਲਦੇ ਨਾ ਲੱਕੜਾਂ 'ਤੇ,

ਇਕੱਠੀਆਂ ਕਰਕੇ ਸੁੱਟ ਦਿਉ ਸੜਕਾਂ 'ਤੇ।

ਆਉਂਦਾ ਜਾਂਦਾ ਰਾਹੀ ਦੇਖ-ਦੇਖ ਹੱਸੇ,

ਸੂਲੀ ਕਿਵੇਂ ਚੜ੍ਹੇ ਇਸ਼ਕੇ ਦੇ ਫ਼ਰਜ਼ਾਂ 'ਤੇ।

ਆਸ਼ਕਾਂ ਨੂੰ ਦਿਨ ਵੀ ਰਾਤਾਂ ਵਾਂਗ ਜਾਪਣ,

ਜ਼ਿੰਦਗੀ ਲੰਘਦੀ ਇਸ਼ਕੇ ਦੇ ਕਬਰਾਂ 'ਚ।

ਬਿਰਹਾ ਹੰਢਾਉਣਾ ਕੰਮ ਨਾ ਬੱਚਿਆਂ ਦਾ,

ਰੱਬ ਨਾ ਮਿਲਦਾ ਸ਼ੈਰੀ ਓਏ ਸਬਰਾਂ 'ਚ।

📝 ਸੋਧ ਲਈ ਭੇਜੋ