ਆਸਿਫ਼ਾ
ਚੱਲ ਮੇਰੇ ਨਾਲ
ਇਹੋ ਜੇਹੀ ਇਨਸਾਨੀਅਤ ਨੂੰ
ਚੁਰਾਹੇ 'ਚ ਸਲੀਬ ਤੇ ਪੁੱਠੇ ਟੰਗੀਏ
ਇਹਨਾਂ ਦੀਆਂ ਹਿੱਕਾਂ 'ਚ
ਚਿੱਟੇ ਖੰਜਰ ਡੋਬ ਡੋਬ ਸੂਹੇ ਰੰਗੀਏ
ਸ਼ਰਮਸਾਰ ਕਰੀਏ ਇਹਨਾਂ ਦੇ
ਮੰਦਿਰਾਂ 'ਚ ਸਜਾਏ ਭਗਵਾਨਾਂ ਨੂੰ
ਖੂਨ ਦਾ ਰੰਗ ਦੱਸੀਏ
ਦੀਵੇ ਲਈ ਫਿਰਦੇ ਹੈਵਾਨਾਂ ਨੂੰ
ਫੁੱਲ ਪੱਤੀਆਂ ਨੂੰ ਮਿੱਧਦੀਆਂ
ਦਰਦ ਵੰਡੀਏ ਕੋਈ ਨਿਗਾਹਾਂ ਨੂੰ
ਕੀ ਕੀ ਦਰਦ ਸਰਾਣੇ ਰੱਖੇ
ਕਿਹੜੇ ਕਿਹੜੇ ਦੁੱਖ ਨੇ ਰਾਹਾਂ ਨੂੰ
ਤੂੰ ਡਰੀਂ ਨਾ
ਮੈਂ ਹਾਂ ਤੇਰੇ ਨਾਲ
ਇਹਨਾਂ ਲਈ ਵੀ ਸਮਸ਼ੀਰ ਕੋਈ ਲਿਖੀਏ
ਨਵੀਂ ਇਹਨਾਂ ਦੀ ਤਕਦੀਰ ਕੋਈ ਲਿਖੀਏ
ਕਿੱਥੇ ਸੀ ਇਹਨਾਂ ਦਾ
ਪਾਪ ਰੋਕਣ ਵਾਲਾ ਭਗਵਾਨ
ਧਰਮ ਕਾਰੋਬਾਰ ਤੇ ਪਖੰਡ ਦਾ ਫੁਰਮਾਨ
ਮਰਮਰੀ ਇਮਾਰਤਾਂ ਅੰਬਰਾਂ ਨੂੰ ਛੂੰਹਦੀਆਂ
ਉੱਚੇ ਉੱਚੇ ਦਾਅਵਿਆਂ ਦੇ ਸ਼ੋਰ
ਆਸਿਫ਼ਾ ਨਾਲ ਕੁਕਰਮ
ਤੇਰਿਆਂ ਵੱਲੋਂ
ਤੇਰੀਆਂ ਹੀ ਨਜ਼ਰਾਂ ਸਾਹਮਣੇ ਹੋਇਆ
ਕੀ ਪੈ ਗਿਆ ਸੀ ਓਸ ਵੇਲੇ
ਤੇਰੀਆਂ ਅੱਖਾਂ ਵਿਚ
ਕਿਉਂ ਨਾ ਬੋਲੇ ਤੇਰੇ ਪੰਨੇ
ਨਾ ਡਿੱਗੀਆਂ ਤੇਰੀਆਂ ਦੀਵਾਰਾਂ
ਕਿਉਂ ਨਾ ਡਿੱਗ ਮਰੇ ਲਟਕਦੇ ਟੱਲ ਚਿਰਾਂ ਦੇ
ਤੇਰੇ ਪੁਜਾਰੀ ਦੁਨੀਆਂ ਸਾਰੀ
ਇਨਸਾਨੀਅਤ ਦੇ ਸੰਦੇਸ਼ ਲਪੇਟੇ ਰੁਮਾਲਿਆਂ 'ਚ
ਕਿੰਜ ਹੈਵਾਨੀਅਤ ਕਿਰੀ
ਤੇਰੇ ਫਰਸ਼ 'ਤੇ
ਸਿਖਰਦਾ ਵਹਿਸ਼ੀਪੁਣਾ ਖਿੱਲਰਿਆ
ਤੋਤਲੇ ਬੋਲਾਂ ਦੇ ਗੀਤਾਂ 'ਤੇ
ਹੁਣ ਅਦਾਲਤ ਤੈਨੂੰ ਵੀ ਸਜ਼ਾ ਦੇਵੇਗੀ
ਕਟਹਿਰੇ 'ਚ ਖੜ੍ਹਨਗੇ
ਵਕਤ ਦੇ ਭਗਵਾਨ
ਮੁਨੱਖ ਬਣੇ ਹੈਵਾਨ
ਗੁੰਬਦਾਂ ਓਹਲੇ ਛੁਪੇ ਸ਼ੈਤਾਨ
ਤਹਿਜ਼ੀਬ ਹੋਈ ਨਿਲਾਮ
ਸੁਰੱਖਿਅਤ 'ਚ ਫਿਰਦਾ ਇਨਸਾਨ
ਪੱਛੀਆਂ ਰੂਹਾਂ ਦੇ ਨਿਸ਼ਾਨ
ਆਸਿਫ਼ਾ
ਹੁਣ ਆਪਾਂ ਇਹਨਾਂ ਦੀਆਂ ਚਿਖ਼ਾਵਾਂ ਚਿਣਾਂਗੇ
ਇਕ ਇਕ ਸੱਚ ਇਹਨਾਂ ਦੇ ਮਿਣਾਂਗੇ
ਰੋਜ਼ ਜੋ ਇਹ ਕਰਨ ਕੁਕਰਮ ਇਹਨਾਂ ਦੇ ਗਿਣਾਂਗੇ