ਹਉਮੈ ਨਹੀਂ ਮੁਕਾ ਪਾਇਆ ਮੈਂ।
ਭਾਂਵੇ ਗੁਰੂ ਘਰ ਜਾ ਆਇਆ ਮੈਂ।
ਬਾਬੇ ਆਖਿਆ ਲਾਲੋ ਬਣਜਾ,
ਭਾਗੋ ਬਣ ਪਛਤਾਅ ਆਇਆ ਮੈਂ।
ਬਾਬੇ ਆਖਿਆ ਕਿਰਤ ਹੈ ਕਰਨੀ,
ਰਾਹ ਖੇਤ ਵਿਚ ਵਾਹ ਆਇਆ ਮੈਂ।
ਬਾਬਾ ਨਾਨਕ ਸੰਗ ਗਰੀਬਾਂ ਦੇ,
ਚੌਧਰ ਨੂੰ ਦਿਖਾ ਆਇਆ ਮੈਂ।
ਕਰਾਂ ਸੇਵਾ ਮੈਂ ਲੋੜਵੰਦਾਂ ਦੀ,
ਇਹੀ ਰੌਲਾ ਪਾ ਆਇਆ ਮੈਂ।
ਸੱਤਾ ਹਾਸਿਲ ਕਰਨ ਦੀ ਖਾਤਰ,
ਭਰਾ-ਭਰਾ ਲੜਾ ਆਇਆ ਮੈਂ।
ਨਾਲ ਮੇਰੇ ਕੁਝ ਨਹੀਓਂ ਜਾਣਾ,
ਕੌੜਾ ਸੱਚ ਭੁਲਾ ਆਇਆ ਮੈਂ।
ਜਦੋਂ ਗੁਰਬਾਣੀ ਮਨ ਵਸਾਈ,
ਜਾਪੇ ਸਭ ਕੁਝ ਪਾ ਆਇਆ ਮੈਂ।
ਸੱਚੀ ਸੁੱਚੀ ਕਿਰਤ ਹੀ ਕਰਨੀ,
ਜ਼ਮੀਰ ਨੂੰ ਜਗਾ ਆਇਆ ਮੈਂ।
ਹੱਕ ਪਰਾਇਆ ਕਦੀ ਨਾ ਖਾਓ,
ਖੁਦ ਨੂੰ ਵੀ ਸਮਝਾ ਆਇਆ ਮੈਂ।
ਅਮਰਪ੍ਰੀਤ ਉਹਦੇ ਸੰਗ ਐਸੀ,
ਮਨ ਦੇ ਅੰਦਰ ਵਸਾ ਆਇਆ ਮੈਂ।