ਇੱਕ ਚਿੜੀ ਆਟੇ ਦੀ ਪਈ, ਕੋਲ਼ ਪਰਾਤ ਦੇ ਰੋਵੇ।
ਮੇਰੇ ਵੱਲ ਉਹ ਤੱਕੀ ਜਾਵੇ, ਨਾਲੇ ਦਿਲ ਦੇ ਦਰਦ ਲੁਕੋਵੇ।
ਮੈਂ ਕਿਹਾ ਭੈਣੇ ਦਿਲ ਦੀ ਦੱਸ, ਕੀ ਤੇਰੇ ਨਾਲ ਹੋਈ।
ਕਾਹਤੋਂ ਸੁੱਖੀ-ਸਾਦੀਂ ਜਾਵੇਂ ਬੈਠ ਪਰਾਤ ਕੋਲ ਰੋਈ।
ਕਹਿੰਦੀ ਕੋਈ ਗੱਲ ਨਹੀਂ ਏਡੀ, ਮਨ ਮੇਰਾ ਭਰ ਆਇਆ।
ਬਾਹਰੋਂ ਤੇਰਾ ਨਿੱਕਾ ਮੁੰਡਾ, ਜਦ ਭੱਜਾ-ਭੱਜਾ ਆਇਆ।
ਨਾ ਗੁੰਨ੍ਹ ਆਟਾ ਮਾਂ ਤੂੰ, ਮੈਂ ਬਾਹਰੋਂ ਪੀਜ਼ਾ ਮੰਗਵਾਇਆ।
ਮੈਂ ਕਿੰਨੀ ਦੁਖੀ ਸੀ ਹੁੰਦੀ, ਜਦ ਤੂੰ ਮੈਨੂੰ ਤੀਲੇ ਟੰਗ ਦੇਂਦੀ।
ਮੈਨੂੰ ਦੰਦੀਆਂ ਵੱਢ-ਵੱਢ ਖਾਂਦਾ, ਤੇ ਤੂੰ ਹੱਸਦੀ ਉਸ ਵੇਂਹਦੀ।
ਉਧਰੋਂ ਦੂਰੋਂ ਭਖਦਾ ਤੰਦੂਰ ਵੀ ਰੋਈ ਜਾਵੇ।
ਮੈਂ ਵੀ ਚਿੜੀਏ ਭੁਰਦਾ ਜਾਂਦਾ, ਕੋਈ ਨਾ ਮੈਨੂੰ ਤਾਵੇ।
ਅੱਜ ਕਈ ਦਿਨਾਂ ਦੇ ਬਾਅਦ, ਸੀ ਮੇਰੀ ਵਾਰੀ ਆਈ।
ਮੁੱਕ ਜੇ ਪੀਜ਼ਾ, ਜਿਸਨੇ ਸਾਰੀ ਕੀਤੀ ਖੂਹ ਵਿੱਚ ਪਾਈ।
ਮਾਂ ਚੁੱਪ ਕਰ ਆਟਾ ਗੁੰਨ੍ਹ ਕੇ, ਦਿੱਤਾ ਪਲੇਥਣ ਲਾ।
ਆਖੇ ਇਹਨਾਂ ਨਿਆਣਿਆਂ ਤਾਈਂ, ਮੇਰੀ ਨਹੀਂ ਰਹੀ ਵਾਹ।
ਸਭ ਕੁਝ ਜਾਣਾ, ਮੰਨ ਨਾਨਕ ਸਾਹਿਬ ਦਾ ਭਾਣਾ।
ਵੱਟ ਲਈ ਚਿੜੀਏ ਧੀਏ ਚੁੱਪ,
ਰੋਟੀ ਇਹਨਾਂ ਦੇ ਪਿਉ ਜੋਗੀ ਲਾਹ ਦਿਆਂ।
ਫਿਰ ਚੜ੍ਹ ਆਉਣੀ ਧੁੱਪ।
ਫਿਰ ਉਹ ਬੁਢੜੇ ਹੱਥੀਂ ਜਦ, ਵੱਲ ਤੰਦੂਰ ਖਲੋਈ।
ਮੇਰੇ ਵੱਲ ਮਾਂ ਵੇਖਿਆ, ਕੀਤੀ ਰੱਬ ਅੱਗੇ ਅਰਜ਼ੋਈ।
ਤੇਰੀਆਂ ਦਿੱਤੀਆਂ ਨਿਆਜਾਂ ਦਾਤਾ, ਤੂੰ ਹੀ ਦੇ ਰੱਖ ਹੱਥ।
ਆਟੇ ਦੀਆਂ ਚਿੜੀਆਂ ਦੀ ਦਾਤਿਆ, ਕਦੇ ਨਾ ਉਜੜੇ ਸੱਥ।
ਮਾਂ ਦੀ ਸੁਣ ਅਰਦਾਸ, ਆਇਆ ਸਰਬ ਧਰਵਾਸ।
ਆਖਿਆ ਤੇਰੀ ਕੁਦਰਤ ਬਾਬਾ, ਦੁਨੀਆਂ ਆਵੇ ਰਾਸ।
ਨਾਮ ਖੁਮਾਰੀ ਨਾਨਕਾ, ਫਿਰ ਚੜ੍ਹੀ ਰਹੂ ਦਿਨ-ਰਾਤ।