ਵਰ੍ਹਿਆਂ ਦੇ ਪੈਂਡੇ ਚੀਰ ਕੇ
ਤੇਰੀ ਆਵਾਜ਼ ਆਈ ਹੈ
ਸੱਸੀ ਦੇ ਪੈਰਾਂ ਨੂੰ ਜਿਵੇਂ
ਕਿਸੇ ਨੇ ਮਰਹਮ ਲਾਈ ਹੈ
ਅਜ ਕਿਸੇ ਦੇ ਮੋਢਿਆਂ ਤੋਂ
ਇਕ ਹੁਮਾ ਲੰਘਿਆ ਜਿਵੇਂ
ਚੰਨ ਨੇ ਅਜ ਰਾਤ ਦੇ
ਵਾਲਾਂ 'ਚ ਫੁੱਲ ਟੁੰਗਿਆ ਜਿਵੇਂ
ਨੀਂਦਰ ਦੇ ਹੋਠਾਂ ਚੋਂ ਜਿਵੇਂ
ਸੁਪਨੇ ਦੀ ਮਹਿਕ ਆਉਂਦੀ ਹੈ
ਪਹਿਲੀ ਕਿਰਨ ਜਿਉਂ ਰਾਤ ਦੇ
ਮੱਥੇ ਨੂੰ ਸਗਣ ਲਾਉਂਦੀ ਹੈ
ਹਰ ਇਕ ਹਰਫ਼ ਦੇ ਬਦਨ ਤੋਂ
ਤੇਰੀ ਮਹਿਕ ਆਉਂਦੀ ਰਹੀ
ਮੁਹੱਬਤ ਦੇ ਪਹਿਲੇ ਗੀਤ ਦੀ
ਪਹਿਲੀ ਸਤਰ ਗਉਂਦੀ ਰਹੀ
ਹਸਰਤ ਦੇ ਧਾਗੇ ਜੋੜ ਕੇ
ਸਾਲੂ ਅਸੀਂ ਉਣਦੇ ਰਹੇ
ਬਿਰਹਾ ਦੀ ਹਿਚਕੀ ਵਿਚ ਵੀ
ਸ਼ਹਿਨਾਈ ਨੂੰ ਸੁਣਦੇ ਰਹੇ ।
ਵਰ੍ਹਿਆਂ ਦੇ ਪੈਂਡੇ ਚੀਰ ਕੇ
ਤੇਰੀ ਆਵਾਜ਼ ਆਈ ਹੈ
ਸਿਸਕਦੇ ਹੋਠਾਂ ਨੇ ਸਗਣਾਂ
ਦੀ ਪਹਿਲੀ ਸਤਰ ਗਾਈ ਹੈ ।