ਅਵਾਜਾਂ ਦੀ ਭੀੜ

‘ਤੇਰਾ ਤਾਂ ਕੁਝ ਵੀ ਨਹੀਂ ਤੇਰੇ ਬਿਨਾ 

ਲੰਘ ਜਾ ਚੁਪ ਚਾਪ ਮਨ ਫੇਰੇ ਬਿਨਾ 

ਐਵੇਂ ਅਨਿਆਵਾਂ ਦੀ ਅੰਨ੍ਹੀ ਗੱਲ ਕੀ 

ਕੋਲ ਤੇਰੇ ਹੈ ਕਿਸੇ ਦਾ ਹੱਲ ਕੀ

ਹੋਰ ਕਿਸੇ ਦਾ ਆਪਣਾ ਆਪਣਾ ਰਾਸਤਾ 

ਕੀ ਕਿਸੇ ਦੇ ਨਾਲ ਤੇਰਾ ਵਾਸਤਾ 

ਆਪਣੇ ਪੈਰਾਂ ਦੇ ਅੱਗੇ ਦੇਖਦਾ 

ਨਾ ਪਿਛਾਂਹ, ਨਾ ਸੱਜੇ ਖੱਬੇ ਦੇਖਦਾ 

ਖਿਸਕ ਜਾ ਕੇ ਝਕਾਨੀ ਭੀੜ ਚੋਂ'

‘ਜੋ ਭੀੜ ਕਹੇਂ ਇਹ ਰੌਣਕ ਹੈ 

ਇਸ ਰੌਣਕ ਦੇ ਵਿਚ ਰਚ ਮਿਚ ਜਾ 

ਕੋਈ ਸਾਂਝ ਸਿਆਣ ਖ਼ਿਆਲਾਂ ਦੀ 

ਜਿਸਮਾਂ ਦੇ ਨਿੱਘ ਦੀ ਜੋਤ ਜਗਾ 

ਲੰਘ ਜਾਣੀ ਰਾਤ ਇਹ ਸਰਦੀ ਦੀ 

ਹੈ ਦਰਦ, ਲੋੜ ਹਮਦਰਦੀ ਦੀ ਕੋ

ਈ ਪੀੜ ਪਰਾਈ ਪੀੜ ਨਹੀਂ 

ਇਹ ਰੌਣਕ ਹੈ ਇਹ ਭੀੜ ਨਹੀਂ

'ਇਹ ਜਿਸਮਾਂ ਦੀ ਰੌਣਕ ਹੈ ਜੋ ਚਾਰ ਚੁਫੇਰੇ 

ਤੇਰੀ ਰੂਹ ਦੇ ਹੰਸ ਲਈ ਨਹੀਂ ਚੋਗ ਖਲੇਰੇ 

ਤੌਰ ਤੇਰੇ ਨੂੰ ਭਰਮਾਵਣ ਲਈ ਨੇ ਇਹ ਫੰਦੇ

ਅਕਸਰ ਅੜ ਜਾਂਦੇ ਤੇਰੇ ਜਹੇ ਮੂਰਖ ਬੰਦੇ’

‘ਖਿੱਚ ਲਹੂ ਦੀ ਮਾਸ ਦੇ ਬੰਧਨ ਝੂਠੇ ਨੇ 

ਸੁੱਚੀ ਰੂਹ ਤੇਰੀ ਇਹ ਭਿੱਟੇ ਜੂਠੇ ਨੇ 

ਰੰਗਤ ਗੰਧ ਮਾਸ ਦੀ ਤੈਨੂੰ ਪੋਹੇ ਕਿਉਂ 

ਕੋਈ ਪਦਾਰਥ ਰੂਹ ਤੇਰੀ ਨੂੰ ਮੋਹੇ ਕਿਉਂ'

‘ਝੂਠ ਹੈ, ਇਹ ਝੂਠ ਹੈ, ਸਭ ਝੂਠ ਹੈ 

ਕੋਈ ਨਹੀਂ ਜਿਸਮ ਦੀ ਗਰਮੀ ਬਿਨਾ

ਕੋਈ ਸੁੱਚਮ ਕਿਤੇ ਹੋ ਸਕਦੀ ਨਹੀਂ

ਦਿਲ ਦੀ ਧੜਕਣ ਮਾਸ ਦੀ ਨਰਮੀ ਬਿਨਾ 

ਦਿਲ ਦੀ ਧੜਕਣ ਮਾਸ ਦੀ ਨਰਮੀ ਹੈ ਰੂਹ 

ਆਤਮਾ ਤਾਂ ਜਿਸਮ ਦੀ ਪਹਿਚਾਣ ਹੈ 

ਅਹਿਸਾਸ ਹੈ ਤੇਰੇ ਬਦਨ ਦਾ ਮਾਣ ਹੈ'

‘ਮੇਰੀ ਭੁੱਖ ਤੂੰ ਵਿਸਾਰ ਦਿੱਤੀ ਹੈ 

ਖੁੰਝਿਆ ਫਿਰਦਾਂ ਕਹੇ ਖ਼ਿਆਲਾਂ ਵਿਚ 

ਮੇਰੇ ਦੁੱਖ ਦਾ ਖ਼ਿਆਲ ਨਹੀਂ ਤੈਨੂੰ 

ਭਟਕਦਾਂ ਮਨ-ਘੜੇ ਸਵਾਲਾਂ ਵਿਚ 

ਮੇਰੀ ਖ਼ਿਦਮਤ ਹੈ ਫ਼ਰਜ਼ ਤੇਰੇ ਸਿਰ 

ਮੇਰਾ ਵੀ ਕੁਝ ਹੈ ਕਰਜ਼ ਤੇਰੇ ਸਿਰ'

ਵਾਜਾਂ ਦੀ ਭੀੜ ਸੰਘਣੀ 

ਔਖੀ ਬੜੀ ਹੈ ਲੰਘਣੀ

ਇਕ ਪੀੜ ਮੋਨ ਧਾਰੀ 

ਹੈਰਾਨ ਭਟਕਦੀ ਹੈ 

ਤੁਰਦੀ ਤੇ ਅਟਕਦੀ ਹੈ 

ਬੋਲਾਂ ਦੀ ਧੂੜ ਪੈਂਦੀ 

‘ਮੈਂ’ ਤੇ ਸਦਾ ਹੈ ਰਹਿੰਦੀ 

ਸ਼ੀਸ਼ੇ 'ਚ ਸ਼ਕਲ ਅਪਣੀ 

ਮੁਸ਼ਕਲ ਪਛਾਣ ਸਕੇ 

ਜੋ ਨੀਝ ਲਾ ਕੇ ਤੱਕੇ

ਬੋਲਾਂ ਦੇ ਨਕਸ਼ ਉਲਝੇ 

ਚੁੱਪ ਦਾ ਨਾ ਭਾਵ ਸੁਲਝੇ

ਦਿਨ ਰਾਤ ਹੱਥ ਆਪਣੇ

ਦਿਲ ਦੇ ਲਹੂ 'ਚ ਰੰਗੇ

ਅਖ਼ਰਾਂ ਤੋਂ ਅਰਥ ਮੰਗੇ

'ਵਾਜਾਂ ਦੀ ਭੀੜ ਸੰਘਣੀ 

ਔਖੀ ਬਣੀ ਹੈ ਲੰਘਣੀ

📝 ਸੋਧ ਲਈ ਭੇਜੋ