ਆਵਾਂਗਾ ਜ਼ਰੂਰ

ਕਹਿਣਾ

ਮੇਰੇ ਸੁਪਨਿਆਂ ’ਚ

ਵਾਰ-ਵਾਰ ਜਾਗਦੇ

ਚਿਹਰਿਆਂ ਨੂੰ

ਮੇਰੇ ਖ਼ਾਬਾਂ ’ਚ ਵਿਲਕਦੇ

ਸ਼ਹਿਰਾਂ, ਗਲੀਆਂ, ਘਰਾਂ ਨੂੰ

ਅਚੇਤ ’ਚ ਵਸਦੇ

ਮੇਰੇ ਰਹਿਬਰਾਂ ਨੂੰ

ਕਹਿਣਾ-

ਮੈਂ ਆਵਾਂਗਾ ਜ਼ਰੂਰ

ਕਿਸੇ ਦਿਨ

 

ਆਵਾਂਗਾ ਜ਼ਰੂਰ

ਤੁਹਾਡੇ ਚਿਹਰਿਆਂ ਤੋਂ

ਆਪਣੇ ਬੀਤੇ ਦੇ ਪਰਛਾਵਿਆਂ ਨਾਲ

ਮੁਲਾਕਾਤ ਕਰਨ

ਧੁੰਦਲਾ ਰਹੇ ਨੈਣ-ਨਕਸ਼ਾਂ ਨਾਲ

ਦਿਲ ਦੀਆਂ ਗੱਲਾਂ ਸਾਂਝੀਆਂ ਕਰਨ

ਮੋਹ ਦੀ ਕੋਈ ਬਾਤ ਕਰਨ

ਤੁਹਾਡੇ ਨਾਲ ਬਿਤਾਏ ਦਿਨਾਂ ਨੂੰ

ਅਛੋਪਲੇ ਜਿਹੇ ਝਾਤ ਕਰਨ

ਆਵਾਂਗਾ ਜ਼ਰੂਰ

 

ਆਵਾਂਗਾ ਜ਼ਰੂਰ

ਵਕਤ ਦੇ ਚੱਕਰਵਿਊ ’ਚੋਂ ਨਿਕਲ ਕੇ

ਇਸ ਅੰਨ੍ਹੀ ਦੌੜ ’ਚੋਂ

ਕੁਝ ਪਲ ਕੱਢ ਕੇ

ਗਲ ਵਿੱਚ ਪਿਆ

ਮਜ਼ਬੂਰੀਆਂ ਦਾ ਰੱਸਾ ਵੱਢ ਕੇ

ਆਵਾਂਗਾ ਜ਼ਰੂਰ

 

ਇਸ ਤੋਂ ਪਹਿਲਾਂ

ਕਿ ਯਾਦਾਂ ਦਾ ਲਹਿਲਹਾਉਂਦਾ

ਬਿਰਖ ਸੁੱਕ ਜਾਵੇ

ਉਮਰਾਂ ਦੇ ਮਾਨਸਰਾਂ ’ਚੋਂ

ਸਾਹਵਾਂ ਦਾ ਪਾਣੀ ਮੁੱਕ ਜਾਵੇ

 

ਉਹਨਾਂ ਨੂੰ ਕਹਿਣਾ-

ਮੈਂ ਆਵਾਂਗਾ ਜ਼ਰੂਰ....।

📝 ਸੋਧ ਲਈ ਭੇਜੋ