ਸੋਹਣਾ ਇਹ ਕਹਿਕੇ ਟੁਰ ਗਿਆ ਆਵਾਂਗਾ ਯਾਰ ਕਲ ਨੂੰ
ਕਿਆਮਤ ਦਾ ਸ਼ੋਰ ਕਰਸਾਂ ਫੜਕੇ ਤਲਵਾਰ ਕਲ ਨੂੰ
ਲਰਜ਼ੇ ਵਿਚ ਆਕੇ ਕੰਬਨ ਸਤੇ ਇਫਲਾਕ ਸਾਡੇ
ਕਾਤਲਾਂ ਦੇ ਗਲ ਵਿਚ ਪੈਣੇ ਫੁਲਾਂ ਦੇ ਹਾਰ ਕਲ ਨੂੰ
ਸੋਹਣਿਆਂ ਦੇ ਵਹਿਦੇ ਜਗ ਵਿਚ ਝੂਠੇ ਹਰ ਬਾਰ ਦੇਖੇ
ਮਰ ਗਏ ਕਈ ਆਸ਼ਕ ਲਭਦੇ ਏਸ ਦਗ਼ੇਦਾਰ ਕਲ ਨੂੰ
ਪਲਕਾਂ ਦਾ ਝਾੜੂ ਫੜਕੇ ਗਲੀਆਂ ਬੁਹਾਰ ਦੇਵਾਂ
ਸ਼ਾਇਦ ਇਸ ਰਾਹ ਥੀਂ ਲੰਘਨਾ ਮੇਰੀ ਸਰਕਾਰ ਕਲ ਨੂੰ
ਵਾਂਗ ਸਰਾਂ ਦੇ ਤੇਰੀ ਮਹਿਫਲ ਦਾ ਹਾਲ ਡਿਠਾ
ਆਕੇ ਮੁਸਾਫਰ ਅਜ ਤਾਂ ਹੋ ਪਏ ਤਿਆਰ ਕਲ ਨੂੰ
ਹੋਕੇ ਲਾਲ ਐ ਦਿਲ ਕਾਹਨੂੰ ਵਿਚ ਖਾਕ ਰੁਲਦਾ
ਸ਼ਾਇਦ ਕੋਈ ਆਨ ਮਿਲਸੀ ਤੇਰਾ ਖਰੀਦਾਰ ਕਲ ਨੂੰ
ਹਸ਼ਮਤ ਸ਼ਾਹ ਆਖੇ ਕਾਹਨੂੰ ਕਰਦਾ ਗ਼ਰੂਰ ਜਾਨੀ
ਵਿਕਨਗੇ ਯੂਸਫ਼ ਲਖਾਂ ਵਿਚ ਬਾਜ਼ਾਰ ਕਲ ਨੂੰ