ਹਰ ਸਮੇਂ ਆਵਾਜ਼ ਤੇਰੀ ਤਨ ਮੇਰੇ ਚੋਂ ਆ ਰਹੀ,

ਮਹਿਕ ਤੇਰੀ ਤਨ ਬਦਨ ਮੇਰੇ ਨੂੰ ਹੈ ਮਹਿਕਾ ਰਹੀ।

ਮੇਰੇ ਹਰ ਸਪਨੇ ਦੀ ਬੱਸ ਤਾਬੀਰ ਇੱਕ ਤੂੰ ਹੀ ਤਾਂ ਹੈਂ,

ਹਰ ਘੜੀ ਰਗ ਰਗ ਮੇਰੀ ਬਸ ਗੀਤ ਤੇਰੇ ਗਾ ਰਹੀ।

ਤੇਰੀਆਂ ਛੋਹਾਂ ਨੇ ਅੰਗ ਅੰਗ ਹੈ ਨਚਾਇਆ ਇਸ ਤਰ੍ਹਾਂ,

ਹੋ ਰਿਹਾ ਮਖ਼ਮੂਰ ਮਸਤੀ ਅੱਜ ਨਾ ਸਾਂਭੀ ਜਾ ਰਹੀ।

ਨਜ਼ਰ ਮੇਰੀ ਵਿੱਚ ਤੇਰੀ ਤਸਵੀਰ ਹਰ ਪਲ ਝਲਕਦੀ,

ਜਿਸ ਤਰਫ਼ ਵੀ ਦੇਖਦਾਂ ਇੱਕ ਨੂਰ ਹੈ ਬਰਸਾ ਰਹੀ।

ਤੂੰ ਮੇਰੇ ਹਾਲਾਤ ਤੇ ਕੀਤੀ ਏ ਇਕ ਜਾਦੂਗਰੀ,

ਹੋ ਰਿਹਾਂ ਮਧਹੋਸ਼ ਮੇਰੀ ਹੋਸ਼ ਹੈ ਘਬਰਾ ਰਹੀ।

ਦਿਲ ਦੀਆਂ ਗੱਲਾਂ ਤੇਰੇ ਬਿਨ ਦੱਸ ਕਰਾਂ ਕਿਸ ਨਾਲ ਮੈਂ,

ਅਕਲ ਮੇਰੀ ਰਾਜ਼ ਤੇਰੇ ਦਿਲ ਦਾ ਕਦ ਹੈ ਪਾ ਰਹੀ।

ਕੌਣ ਹੈ ਤੇਰੇ ਬਿਨਾਂ ਮੇਰੀ ਤਸੱਲੀ ਜੋ ਕਰੇ,

ਇਹ ਹੀ ਮਜ਼ਬੂਰੀ ਤਾਂ ਬੱਸ 'ਅਮਰੀਕ' ਨੂੰ ਹੈ ਖਾ ਰਹੀ।

📝 ਸੋਧ ਲਈ ਭੇਜੋ