ਧੀ ਇੱਕ ਜੰਮੀ ਜਦੋਂ ਚਿਰਾਂ ਬਾਅਦ ਮਾਪਿਆਂ ਦੇ
ਹੋਈਆਂ ਸੀ ਮੁਰਾਦਾਂ ਸਭ ਪੂਰੀਆਂ
ਚਾਵਾਂ ਨਾਲ ਪਾਲ਼ਿਆ ਸੀ ਲਾਡਾਂ ਦੇ ਪੰਘੂੜੇ ਪਾ ਕੇ
ਭੁੱਲ ਸਭ ਥੁੜਾਂ ਮਜਬੂਰੀਆਂ
ਕੱਲੀ ਕੱਲੀ ਧੀ ਸੀ ਜੋ ਜੰਮੀ ਕੁਲ ਕੋੜਮੇ 'ਚ
ਪੁੱਤਾਂ ਨਾਲੋਂ ਵਧਕੇ ਪਿਆਰੀ ਸੀ
ਮਾਂ ਦੀ ਤਾਂ ਜਿੰਦ ਸੀ ਤੇ ਪਿਤਾ ਦੀ ਵੀ ਜਾਨ ਸੀ ਉਹ
ਵੀਰਾਂ ਦੀ ਵੀ ਛਿੰਦੀ ਤੇ ਦੁਲਾਰੀ ਸੀ
ਤਾਏ ਚਾਚੇ ਦਾਦੇ ਜਦੋਂ ਕੁੜੇ ਕੁੜੇ ਸੱਦਦੇ ਤਾਂ
ਜਾਪੇ 'ਵਾਜ ਧਰਤੀ ਨੂੰ ਮਾਰੀ ਸੀ
ਗੁੱਡੀਆਂ ਪਟੋਲਿਆਂ ਦੇ ਵਾਲ਼ੀ ਖੇਡ, ਖੇਡ ਜਦੋਂ
ਹੋ ਗਈ ਉਹ ਭਰ ਮੁਟਿਆਰ ਸੀ
ਉੱਚਿਆਂ ਅਕਾਸ਼ਾਂ ਵਿੱਚ ਫਿਰੇ ਦੂਰ ਉੱਡਦੀ ਤੇ
ਸੁਪਨੇ ‘ਚ ਕੋਈ ਰਾਜਕੁਮਾਰ ਸੀ
ਅੰਮੀ ਨਾਲ਼ ਰਲ਼ ਕੇ ਸਹੇਲੀਆਂ ਦੇ ਨਾਲ ਬਹਿ ਕੇ
ਕੀਤਾ ਸਾਰਾ ਦਾਜ ਵੀ ਤਿਆਰ ਸੀ
ਦਰੀਆਂ ਤੇ ਵਰੀਆਂ ਤੇ ਬਾਗ਼ ਫੁਲਕਾਰੀ ਖੇਸ
ਪਲੰਘਾਂ ਦੀ ਰੰਗਲੀ ਨਵਾਰ ਸੀ
ਟਾਹਲੀ ਦਾ ਸੰਦੂਕ ਆਇਆ ਬਣ ਕੇ ਲਾਹੌਰੋਂ ਟੂਮਾਂ
ਜੁੱਤੀ ਵੀ ਕਸੂਰੀ ਤਿੱਲੇਦਾਰ ਸੀ
ਸੁਪਨੇ ਇਹ ਧੀ ਦੇ ਸੀ ਰਹਿ ਗਏ ਕੁਆਰੇ ਸਾਰੇ
ਅੱਲਾ ਨੂੰ ਤੇ ਹੋਰ ਮਨਜ਼ੂਰ ਸੀ
ਪੈ ਗਏ ਉਜਾੜੇ ਘੁੱਗ ਵੱਸਦੇ ਪੰਜਾਬ ਵਿੱਚ
ਸਿਰਾਂ ਨੂੰ ਕੋਈ ਚੜਿਆ ਫਤੂਰ ਸੀ
ਨਰਾਂ ਸਿਰ ਕਫ਼ਨ ਸੀ ਬੱਝ ਗਏ ਰਾਤੋ ਰਾਤ
ਮਾਂਗਾਂ ਵਿੱਚ ਖ਼ੂਨ ਦੇ ਸੰਧੂਰ ਸੀ
ਸੱਧਰਾਂ ਦੇ ਨਾਲ਼ ਧੀਆਂ ਪਾਲ਼ੀਆਂ ਸੀ ਮਾਪਿਆਂ ਜੋ
ਮਾਰਨ ਨੂੰ ਹੋਏ ਮਜਬੂਰ ਸੀ
ਧੀਆਂ ਮੁਟਿਆਰ ਸਨ , ਨਰ ਨਹੀਂ ਨਾਰੀਆਂ ਸੀ
ਇਹੀ ਬਸ ਉਹਨਾਂ ਦਾ ਕਸੂਰ ਸੀ
ਕਈਆਂ ਨੇ ਸੀ ਖੂਹਾਂ ਵਿੱਚ ਖੂਦ ਛਾਲਾਂ ਮਾਰੀਆਂ
ਵੱਢੇ ਕਈ ਸਕਿਆਂ ਨੇ ਪੂਰ ਸੀ
ਲਾਡਾਂ ਨਾਲ ਪਾਲ਼ੀ ਇਸ ਧੀ ਡਾਡਾਂ ਮਾਰੀਆਂ
ਕੰਨੀ ਜਦੋਂ ਪਈ ਕਨਸੋਅ ਸੀ
ਕਿ ਬਾਪੂ ਚਾਚੇ ਤਾਏ ਦਾਦੇ ਮਾਰਨ ਤੋਂ ਪਹਿਲਾਂ ਉਹਨੂੰ
ਗਲ ਲੱਗ ਲੱਗ ਰਹੇ ਰੋ ਸੀ
ਭਰੇ ਮਨ ਨਾਲ਼ ਸਭ ਆਖਿਆ ਸੀ ਬਾਪ ਨੂੰ ਹੀ
ਆਪਣੀ ਜਾਈ ਦੀ ਲਵੇ ਜਾਨ ਨੂੰ
ਬੇਪੱਤ ਹੋਣ ਤੇ ਬੇਗਾਨੇ ਅੰਗੀਂ ਛੋਹਣ ਨਾਲ਼ੋਂ
ਮਾਰ ਦੇਵੋ ਆਪ ਸੰਤਾਨ ਨੂੰ
ਕਰਕੇ ਪਹਾੜ ਜੇਰਾ ਪਿਤਾ ਨੇ ਜਾਂ ਕੱਢਿਆ
ਚੁੱਕ ਕੇ ਮਿਆਨੋ ਕਿਰਪਾਨ ਨੂੰ
ਵਾਰ ਕੀਤਾ ਜ਼ੋਰ ਨਾਲ ਪਰ ਹੱਥ ਕੰਬ ਗਏ
ਮਾਰੇ ਕਿੰਜ ਆਪਣੀ ਹੀ ਜਾਨ ਨੂੰ
ਕਰ ਕੇ ਜਾਂ ਵਾਰ ਬਾਪ ਆਇਆ ਬਾਹਰ ਭੁੱਬਾਂ ਮਾਰ
ਧੀ ਦੀ ਅਵਾਜ਼ ਪਿੱਛੋਂ ਆਈ ਸੀ
ਅੱਬੂ ਮੈਂ ਨਈ ਮੋਈ ਹਾਲੇ ਵਾਰ ਤੈਥੋਂ ਕੰਬ ਗਿਆ
ਕਿਉਂਕਿ ਤੇਰੀ ਆਪਣੀ ਮੈਂ ਜਾਈ ਸੀ
ਕਰ ਹੋਰ ਵਾਰ ਮੈਨੂੰ ਪੂਰੀ ਤਰ੍ਹਾਂ ਮਾਰ ,ਅੱਬਾ
ਮੈਨੂੰ ਵੀ ‘ਅਜ਼ਾਦੀ’ ਪੂਰੀ ਚਾਹੀਦੀ... ।