ਅਜ ਸੁਪਨ ਵਿਚ
ਕੌਣ ਅਪਣਾ ਚੰਦ੍ਰਮਾ ਮੇਰੀ ਤਲੀ ਤੇ ਧਰ ਗਿਆ ?
ਮੇਰੀ ਮਟਮੈਲੀ ਤਲੀ 'ਤੇ
ਇਹ ਰਿਸ਼ਮ ਦਾ ਦਾਨ
ਮੇਰੀ ਕਿਸਮਤ ਮੇਰੀਆਂ ਰੀਝਾਂ ਦਾ ਇਹ ਅਨਮੇਲ
ਕੌਣ ਤਾਰਾ ਆਪਣਾ ਮੰਗਲ-ਤਿਲਕ
ਮਸਤਕ ਮੇਰੇ 'ਤੇ ਕਰ ਗਿਆ ?
ਮੈਨੂੰ ਸਦਾ ਮਿਲਿਆ ਉਹੀ
ਮੈਂ ਜਿਦ੍ਹੇ ਅਨਜੋਗ ਸਾਂ
ਕਲ੍ਹ ਵਿਦਾ ਵੇਲੇ
ਭਰੇ ਮੇਲੇ 'ਚ ਸਭ ਦੇ ਸਾਮ੍ਹਣੇ
ਤੂੰ ਅਪਣਿਆਂ ਹੱਥਾਂ 'ਚ ਮੇਰਾ ਹੱਥ ਦਬਾਇਆ ਸੀ
ਤੂੰ ਤਲੀ ਮੇਰੀ 'ਚ ਸੂਹਾ ਫੁਲ ਉਗਾਇਆ ਸੀ
ਅਜ ਸੁਪਨ ਦੇ ਦੇਸ
ਤੇਰਾ ਤੋਰਿਆ ਮਜਮਾ
ਉਹੋ ਫੁਲ ਤੋੜਦਾ ਹੈ
ਤੋੜ ਕੇ ਜਾਂਦਾ ਹੈ
ਅਧਰਾਹੋਂ ਹੀ ਮਜ਼ਮਾ ਪਰਤ ਆਉਂਦਾ ਹੈ
ਤੇਰੀ ਖ਼ੁਸ਼ਬੋਈ ਬਰੂਹਿਓਂ ਪਾਰ ਨਹੀਂ ਜਾਂਦੀ
ਮੀਤ ਤੇਰੇ ਬਹੁਕਰਾਂ-ਮੂੰਹੇਂ
ਮੇਰਾ ਤਨ ਹੂੰਝਦੇ ਨੇ
ਤੇਰੀ ਖ਼ੁਸ਼ਬੋਈ ਝਰੀਟਾਂ ਬਣ
ਮੇਰੇ ਤਨ ਮਹਿਕਦੀ ਹੈ
ਸਿਸਕਦੀ ਹੈ :
ਮੈਂ ਸੁਪਾਤਰ ਨੂੰ ਸਦਾ
ਮਿਲਦੀ ਕੁਥਾਵੇਂ ਹੀ ਰਹੀ
ਅਜ ਸੁਪਨ ਵਿਚ
ਸ਼ਹਿਰ ਲੰਮੀ ਸੜਕ ਹੈ
ਸੜਕ 'ਤੇ ਬਾਰਾਤ ਹੈ ਇਕ ਬਸਤਰਾਂ ਦੀ
ਤਨ-ਵਿਹੂਣੇ ਬਸਤਰਾਂ ਵਿਚ ਕਾਚ—
ਮਹਿਕ-ਹੀਣੇ ਫੁਲ ਸਜਾ ਕੇ ਸੋਭਦੇ ਨੇ
ਸੜਕ 'ਤੇ ਬਾਰਾਤ ਬਿਨ ਕੋਈ ਨਹੀਂ
ਨਾ ਕੋਈ ਰਾਹਗੀਰ, ਨਾ ਦਰਸ਼ਕ
ਬੈਂਡ ਦੀ ਦਲਦਲ ਚ ਸਭ ਕੁਝ ਗੁੰਮ ਗਿਆ ਹੈ
ਸੜਕ ਦੇ ਕੰਢੇ, ਕਦੇ-
ਦੋ ਚਾਰ ਸਿਗਰਟ ਲੰਘ ਜਾਂਦੇ ਨੇ ਇਕੱਲੇ
ਸੁਲਗਦੇ, ਗੁਲ ਝਾੜਦੇ
ਪੀਣ ਵਾਲੇ ਦੂਰ ਪਿਛਲੇ ਜਨਮ ਵਿਚ
ਸੁਲਗ ਕੇ ਗੁਲ-ਝੜ ਜਿਹੇ ਹੀ ਡੁੱਲ੍ਹ ਚੁੱਕੇ ਨੇ
ਸ਼ਹਿਰ ਦੇ ਸਿਰ ਤੇ
ਨ ਕੋਈ ਚੰਨ ਨਾ ਤਾਰਾ
ਇਸ਼ਤਿਹਾਰੀ ਬਿਜਲੀਆਂ ਦੀ
ਵੇਸਵਾ ਜਗ-ਬੁਝ ਬਿਨਾਂ ਕੁਝ ਵੀ ਨਹੀਂ
ਬਾਰਾਤ ਤੁਰਦੀ ਜਾ ਰਹੀ ਹੈ
ਵਸਤ ਉਹ ਪਰਨਾਉਣ ਲਈ
ਜੋ ਮੈਂ ਚੁਰਾਈ ਹੈ
ਹਰ ਕਿਸੇ ਤਨ ਵਿਚ
ਬਿਗਾਨੇ ਬਸਤਰਾਂ ਵਿਚ ਬਹਿਣ ਦੀ ਲੋਚਾ ਜਗੀ ਹੈ
ਬਸਤਰਾਂ ਦੀ ਜੇਬ ਵਿਚ ਜੋ ਮਹਿਕ ਹੈ
ਉਹ ਵੀ ਪਰਾਈ ਹੈ
ਪਰਾਏ ਕਸ਼ ਲਈ ਹਰ ਮੂੰਹ
ਕਿਸੇ ਨੂੰ ਸੁਲਗਦਾ, ਗੁਲ ਝਾੜਦਾ ਛੱਡ ਕੇ
ਇਕੱਲਾ ਤੁਰ ਗਿਆ ਹੈ
ਅਜ ਸੁਪਨ ਵਿਚ
ਤੂੰ ਤਲੀ ਮੇਰੀ ਤੇ ਜੋ ਚੇਤਰ ਉਗਾਇਆ ਹੈ
ਮੈਨੂੰ ਦਸ ਦੇ
ਇਹ ਤੇਰਾ ਆਪਣਾ ਹੈ ਜਾਂ ਪਰਾਇਆ ਹੈ ?
ਇਸ ਨੂੰ ਮੈਥੋਂ ਖੋਹਣ ਲਈ
ਹਰ ਇਕੱਲਾ ਆਦਮੀ ਮਜਮੇ 'ਚ ਆਇਆ ਹੈ
ਅਜ ਸੁਪਨ ਵਿਚ
ਕੌਣ ਕਿਸ ਦਾ ਚੰਦ੍ਰਮਾ ਕਿਸ ਦੀ ਤਲੀ ਤੇ ਧਰ ਗਿਆ ?