ਅਦਬੀ ਦੁਨੀਆਂ ਅੰਦਰ ਮਿੱਤਰੋ, ਖਿੜਿਆ ਏ ਗੁਲਜ਼ਾਰ ਗ਼ਜ਼ਲ ਦਾ ।
ਰੋਜ਼ ਕਿਆਮਤ ਤੀਕਰ ਰਹਿਸੀ, ਜਗ ਤੇ ਹਾਰ ਸ਼ਿੰਗਾਰ ਗ਼ਜ਼ਲ ਦਾ ।
'ਪੀਰ ਗੁਜਰਾਤੀ'ਆ ਸਮਝਾਇਆ, ਪਿੰਡਾਂ ਤੀਕਰ ਰਾਜ਼ ਗ਼ਜ਼ਲ ਦਾ ।
ਉਰਦੂ ਸ਼ਾਇਰਾਂ ਟੁੱਲ ਵੀ ਲਾਇਆ, ਖੁੱਲ੍ਹਿਆ ਨਾ ਇਸਰਾਰ ਗ਼ਜ਼ਲ ਦਾ ।
ਲੋਕਾਂ ਲੱਖ ਤਜ਼ਰਬੇ ਕੀਤੇ, ਸਹਿ ਨਾ ਸੱਕੇ ਵਾਰ ਗ਼ਜ਼ਲ ਦਾ,
ਸੱਭੇ ਸਿਨਫ਼ਾਂ ਆਪਣੇ ਥਾਹਰੇ, ਨਾਵਾਂ ਏ ਸਰਦਾਰ ਗ਼ਜ਼ਲ ਦਾ ।
ਸੂਫ਼ੀ ਵਲੀਆਂ ਹੱਥ ਜਦ ਧਰਿਆ, ਵਧਿਆ ਹੋਰ ਨਿਖਾਰ ਗ਼ਜ਼ਲ ਦਾ,
ਦੱਸੋ ਕੀਹਨੇ ਬੂਟਾ ਲਾਇਆ, ਜੇਹਲਮ ਪੋਠੋਹਾਰ ਗ਼ਜ਼ਲ ਦਾ ।
'ਆਤਿਸ਼' ਮੂਲ ਨਾ ਸਮਝੀਂ ਸ਼ਾਇਰ, ਕਰਦਾ ਜੋ ਇਨਕਾਰ ਗ਼ਜ਼ਲ ਦਾ,
ਇਕ ਇਕ ਅੱਖਰ ਮੂੰਹੋਂ ਬੋਲੇ, ਦਿਲ ਵਿਚ ਮੇਰੇ ਪਿਆਰ ਗ਼ਜ਼ਲ ਦਾ ।