ਅਦਾਕਾਰ ਫ਼ਲਾਪ ਹੋ ਜਾਂਦੇ ਨੇਂ
ਉਹ ਅਦਾਕਾਰੀ ਕਰਦੇ ਨੇ
ਤੇ ਫੜੇ ਜਾਂਦੇ ਨੇਂ
ਉਨ੍ਹਾਂ ਦਾ ਸਾਹ ਉੱਖੜ ਜਾਂਦਾ ਏ
ਤੇ ਉਹ ਫੜੇ ਜਾਂਦੇ ਨੇਂ
ਸੀਨੇ ਵਿਚ ਪੀੜ ਲਹਿਰ ਆਉਂਦੀ ਏ
ਤੇ ਹੰਝੂਆਂ ਦੀ ਕੰਧ
ਡਿੱਗਦੀ ਏ
ਚਿੱਥੀਆਂ ਹੋਈਆਂ ਉਂਗਲਾਂ ਉੱਤੇ
ਜਦੋਂ ਵਸਾਹ ਦੀ ਜੋਤ ਬੁੱਝ ਜਾਂਦੀ ਏ
ਸੱਜਣ ਦਿਆਂ ਨੈਣਾਂ ਵਿਚ
ਉਹ ਫੜੇ ਜਾਂਦੇ ਨੇ
ਉਹ ਵਧੀਆ ਅਦਾਕਾਰ ਹੁੰਦੇ ਨੇਂ
ਉਹ ਹੰਝੂ ਕੇਰਦੇ ਨੇਂ,
ਬਿਨਾਂ ਗਲੈਸਰੀਨ ਦੇ
ਤੇ ਐਕਟ ਕਰਦੇ ਨੇਂ,
ਸੱਜਣ ਦੀ ਪੀੜ ਨੂੰ
ਜਿਵੇਂ ਸੱਚੀ ਮੁੱਚੀਂ ਦਾ ਨਿੱਜ ਹੀ ਹੋਵੇ
ਤਰੇਹ ਨਾਲ਼ ਉਨ੍ਹਾਂ ਦੇ ਹੋਠ ਪਾਟ ਜਾਂਦੇ
ਪਰ ਉਹ ਫੜੇ ਜਾਂਦੇ ਨੇ।
ਫ਼ਿਰ ਇਕ ਦਿਨ ,
ਉਹ ਹੱਸਦੇ ਤੇ ਹਸਾਉਂਦੇ ਨੇ
ਪਰ ਫੜੇ ਨਹੀਂ ਜਾਂਦੇ
ਉਨ੍ਹਾਂ ਦੇ ਅੰਦਰ ਵੱਜਦੇ ਨੇਂ ਕੱਚ ਦੇ ਘੁੰਗਰੂ
ਤੇ ਟੋਟੇ ਟੋਟੇ ਕਰ ਜਾਂਦੇ ਨੇ ਦਿਲ ਨੂੰ
ਪਰ ਉਹ ਹੱਸਦੇ ਹੀ ਰਹਿੰਦੇ ਨੇ
ਖ਼ੌਰੇ ਹਯਾਤੀ ਦੀ
ਫ਼ਲਾਪ ਫ਼ਿਲਮ ਦੇ ਇਹ ਐਕਟਰ
ਅਸਲ ਵਿਚ ਮਖੌਲੀਏ ਹੁੰਦੇ ਨੇ
ਕਿਉਂ ਜੇ
ਕਾਮੇਡੀ ਦੇ ਰੋਲ਼ ਵਿਚ
ਕੋਈ ਨਹੀਂ ਵੇਖ ਸਕਦਾ ਉਨ੍ਹਾਂ ਦੇ ਦਿਲ ਵਿਚੋਂ ਵਗਦੇ ਲਹੂ ਨੂੰ
ਤੇ ਟੋਟੇ ਟੋਟੇ ਹੁੰਦੇ ਦਿਲ ਨੂੰ।