ਅੱਡੀਆਂ ਚੁੱਕੀਆਂ ਤਾਂ ਉਹ ਕੁਝ ਹੋਰ ਉੱਚਾ ਹੋ ਗਿਆ।
ਹੋਰਨਾਂ ਤੋਂ ਇਸ ਤਰ੍ਹਾਂ ਉਂਗਲ ਕੁ ਵੱਡਾ ਹੋ ਗਿਆ।
ਧੁੱਪ ਦੀ ਕਾਤਰ ਨੂੰ ਫੜ ਕੇ ਭੱਜਦਾ ਹੈ ਥਾਂ—ਕੁਥਾਂ,
ਕੱਲ੍ਹ ਦਾ ਬੱਚਾ ਵੀ ਹੁਣ ਵੇਖੋ ਸਿਆਣਾ ਹੋ ਗਿਆ।
ਹੁਣ ਕਿਸੇ ਜਜ਼ਬੇ ਦੀ ਕੋਈ ਅਪਣੀ ਅਹਮੀਅਤ ਨਹੀਂ,
ਪਿਆਰ ਹੋਣਾ ਵੀ ਜਿਵੇਂ ਹੁਣ ਕੋਈ ਘਟਨਾ ਹੋ ਗਿਆ।
ਕੀ ਕਰੇਂਗਾ ਜਾਣ ਕੇ ਤੂੰ ਸੱਚ ਕੀ ਹੈ ਝੂਠ ਕੀ,
ਜ਼ਿੰਦਗੀ ਦਾ ਫ਼ਲਸਫ਼ਾ ਜੋ ਸੀ ਪੁਰਾਣਾ ਹੋ ਗਿਆ।
ਸੁਪਨਿਆਂ ਵਿਚ ਲੰਘਦੀ ਹੈ ਰੇਲ ਕੂਕਾਂ ਮਾਰਦੀ,
ਮੇਰੇ ਅੰਦਰ ਹਾਦਸੇ ਦਾ ਖ਼ੌਫ਼ ਦੂਣਾ ਹੋ ਗਿਆ।