ਅੱਧੀ ਰਾਤ ਪਹਿਰ ਦੇ ਤੜਕੇ

ਅੱਧੀ ਰਾਤ ਪਹਿਰ ਦੇ ਤੜਕੇ, 

ਅੱਖਾਂ ਵਿਚ ਉਨੀਂਦਾ ਰੜਕੇ।

ਆਪਣਾ ਕਮਰਾ ਝਾੜਨ ਲਗਦਾਂ, 

ਦੂਰ ਕਿਤੇ ਜਦ ਕੁੰਡਾ ਖੜਕੇ।

ਤੇਰੀ ਧੂੜ ਵੀ ਸੁਰਮੇ ਵਰਗੀ, 

ਸੱਜਣਾ ਦੇ ਪਿੰਡ ਜਾਂਦੀ ਸੜਕੇ।

ਸਿਖ਼ਰ ਦੁਪਹਿਰੇ ਕਲ੍ਹ ਇਕ ਰਾਹੀ, 

ਡਿੱਗਾ ਆਪਣੀ ਛਾਂ ਵਿਚ ਅੜ ਕੇ।

ਸਿੱਕ ਨਾ ਜਾਗੇ ਫੇਰ ਮਿਲਣ ਦੀ, 

ਆ ਏਦਾਂ ਵਿਛੜੀਏ ਲੜ ਕੇ। 

ਅੱਜ ਕਿਉਂ ਚੁੱਪ ਉਦਾਸ ਨੇ ਬੱਦਲ, 

ਬਿਜਲੀ ਨੂੰ ਹੀ ਆਖੋ ਕੜਕੇ ।

ਬੁਝਿਆ ਭਾਂਬੜ ਅਜੇ ਵੀ ਦਿਲ ਵਿਚ, 

ਕਦੀ ਕਦੀ ਚੰਗਿਆੜਾ ਭੜਕੇ। 

ਲੋ ਹੀ ਲੋ ਸੀ ਸੇਕ ਨਹੀਂ ਸੀ, 

ਦੇਖ ਲਿਆ ਮੈਂ ਜੁਗਨੂੰ ਫੜਕੇ। 

ਜੋ ਗੱਲ ਤੈਥੋਂ ਕਹਿ ਨਾ ਹੋਈ, 

ਉਹ ਮੇਰੇ ਵੀ ਦਿਲ ਵਿਚ ਰੜਕੇ।

ਆਪਣੇ ਘਰ ਵਿਚ ਕੈਦ ਨੇ ਲੋਕੀਂ 

ਦਿਨ ਕੱਟਦੇ ਜੋ ਅੰਦਰ ਵੜਕੇ।

ਜਾਨ ਰਹੀ ਨਾ ਤੇਰੇ ਬਾਝੋਂ, 

ਨਬਜ਼ ਤਾਂ ਚੱਲੇ ਦਿਲ ਵੀ ਧੜਕੇ।

📝 ਸੋਧ ਲਈ ਭੇਜੋ