ਅੱਧੀ ਰਾਤੀਂ ਉੱਠ ਪਈ ਨੀ ਮੈਂ

ਅੱਧੀ ਰਾਤੀਂ ਉੱਠ ਪਈ ਨੀ ਮੈਂ,

ਲੱਗੀ ਸੀਤਲ ਨੀਰ ਨਹਾਵਣ ਹੋਅ ।

ਸੂਹੇ ਰੰਗ ਦਾ ਸੂਟ ਪਾ ਲਿਆ,

ਲੱਗੀ ਕੰਨੀ ਝੁਮਕੇ ਪਾਵਣ ਹੋਅ ।

ਕੰਘੀ ਅੜਕਾਂ ਕੱਢ ਕੇ ਨੀ ਮੈਂ,

ਲੱਗੀ ਲਾਲ ਪਰਾਂਦਾ ਪਾਵਣ ਹੋਅ ।

ਅੱਖੀਂ ਪਾ ਲਿਆ ਕੱਜਲਾ ਨੀ ਮੈਂ,

ਰੰਗ ਲਬਾਂ ਨੂੰ  ਲਾਵਣ ਹੋਅ ।

ਹੱਥੀਂ ਲਾ ਸ਼ਗਨਾਂ ਦੀ ਮਹਿੰਦੀ ਨੀ ਮੈਂ,

ਲੱਗੀ ਝਾਂਜਰ ਨੂੰ  ਛਣਕਾਵਣ ਹੋਅ ।

ਬੱਤੀਆਂ ਨੂੰ  ਬੰਦ ਕਰਤਾ ਨੀ ਮੈਂ,

ਅੱਖੀਂ ਆਖਿਆ ਬੰਦ ਹੋ ਜਾਣ ਹੋਅ ।

ਹੱਥ ਵਿੱਚ ਫੜ੍ਹ ਲਈ ਤਸਬੀ ਨੀ ਮੈਂ,

ਲੱਗੀ ਯਾਰ ਧਿਆਵਣ ਹੋਅ ।

ਜੱਪਣ ਦਾ ਢੰਗ ਨਾ ਔੜੇ ਨੀ ਮੈਂ,

ਲੱਗੀ ਗੀਤ ਪਿਆਰ ਦਾ ਗਾਵਣ ਹੋਅ ।

ਘੋੜੀਆਂ, ਸੁਹਾਗ ਵੀ ਗਾਏ ਨੀ ਮੈਂ,

ਦੇ ਸਿਠਣੀਆਂ, ਲੱਗੀ ਯਾਰ ਮਨਾਵਣ ਹੋਅ ।

ਅੰਦਰ ਝਾਤੀ ਮਾਰ ਕੇ ਨੀ ਮੈਂ,

ਲੱਗੀ ਯਾਰ ਨੂੰ  ਖੋਜਣ ਹੋਅ ।

ਸੋਹਣਿਆਂ ਸੱਜਣਾ ਦਰਸ਼ ਲਈ ਨੀ ਮੈਂ,

ਬਣ ਗਈ ਯਾਰ ਵਿਯੋਗਣ ਹੋਅ ।

ਬਿਰਹੋਂ ਪੀੜ ਹੰਢਾ ਲਈ ਨੀ ਮੈਂ,

ਯਾਰ ਦੀ ਬਣ ਗਈ ਜੋਗਣ ਹੋਅ ।

ਯਾਰ ਨਾ ਮਿਲਦੇ ਵੇਖੇ ਨੀ ਮੈਂ,

ਖੱਫਣ ਪਾ ਜੋ ਫੱਬਣ ਹੋਅ ।

ਭੰਨ ਦਿੱਤੀਆਂ ਫਿਰ ਚੂੜੀਆਂ ਨੀ ਮੈਂ,

ਹੋਈ ਨਾ ਕਦੇ ਤਿਆਰ ਨੀ ਹੋਅ ।

ਕਜ਼ਲਾ ਲਾਹਤਾ, ਰੰਗ ਦੰਦਾਸਾ,

ਕੋਈ ਨਾ ਲੈਂਦਾ ਸਾਰ ਨੀ ਹੋਅ ।

ਵਿਛੜੇ ਜਿਹੜੇ ਮੜੀਆਂ ਅੰਦਰ,

ਕਦੇ ਨਾ ਮਿਲਦੇ ਯਾਰ ਨੀ ਹੋਅ ।

ਝੂਠੀਆਂ ਤਸਬੀਆਂ, ਝੂਠੇ ਸੋਹਲੇ,

ਕੋਈ ਨੀ ਮਿਲਾਉਂਦਾ ਯਾਰ ਨੀ ਹੋਅ ।

ਤਾਂ ਹੀ ਦਿੱਤੇ 'ਸਰਬ' ਵਿਸਾਰ ਨੀ ਹੋਅ ।

📝 ਸੋਧ ਲਈ ਭੇਜੋ