ਆਧੁਨਿਕ ਦ੍ਰੋਣ ਗੁਰੂ ਦੱਖਣਾ

ਅੱਜ ਕੱਲ ਦਰੋਣਾਚਾਰੀਆ

ਹੋਰ ਵੀ ਵੱਧ ਪ੍ਰਬੱਧ ਕੁਸ਼ਲ ਤੇ ਚਤੁਰ

ਆਚਾਰੀਆ ਹੋ ਗਿਆ ਹੈ

ਉਹ ਹੁਣ ਭੀਲਾਂ ਦੇ ਅੰਗੂਠੇ ਨਹੀਂ

ਇੱਕ ਅੱਧ ਸਾਲਮ ਭੀਲ ਹੀ

ਗੁਰੂ ਦੱਖਣਾ ਵਿੱਚ ਲੈ ਲੈਂਦਾ ਹੈ

ਤੇ ਇੰਜ ਭਰਮਜਾਲ ਫ਼ੈਲਾਅ

ਉਹ ਪੂਰੇ ਭੀਲ ਭਾਈਚਾਰੇ ਨੂੰ

ਭੀਲ ਹਿਤੈਸ਼ੀ ਹੋਣ ਦਾ

ਭੁਚੱਕਾ ਪਾਈ ਰੱਖਦਾ ਹੈ

ਇਹ ਵੀ ਉੱਚ-ਕੁਲ

ਕਸ਼ੱਤਰੀ ਪੁੱਤਰਾਂ ਦੇ

ਰਾਜ ਸਿੰਘਾਸਣ ਨੂੰ ਬਰਕਰਾਰ ਰੱਖਣ ਦੀ

ਉੱਤਰ ਆਧੁਨਿਕ ਦ੍ਰੋਣ ਨੀਤੀ ਹੈ

ਕਿ

ਭੀਲਾਂ ਤੋਂ ਸੰਵਿਧਾਨ ਲਿਖਵਾਓ

ਪਰ ਮਨੂ-ਸਿਮ੍ਰਿਤੀ ਦੇ ਵਿਧਾਨ ਅਨੁਸਾਰ

ਰਾਜ ਚਲਾਓ

ਇੱਕ ਅੱਧ ਭੀਲ ਨੂੰ ਨਾਲ਼ ਰਲ਼ਾਓ

ਤੇ ਉਸਨੂੰ ਵੀ ਮਨੂਸਮ੍ਰਿਤੀ ਨੀਤੀਆਂ ਦਾ

ਢੰਡੋਰਚੀ ਬਣਾਓ

ਅਰਜਨ  ਨੂੰ ਸਰਵਸ੍ਰੇਸ਼ਟ ਬਣਾਈ ਰੱਖਣ

ਤੇ ਏਕਲੱਵਿਆ ਦੀ ਕਬਾਇਲੀ ਕਾਬਲੀਅਤ ਨੂੰ

ਦਬਾਈ ਦਾ ਇਹ ਵੀ ਨਵਾਂ ਢੰਗ-ਤਰੀਕਾ ਹੈ

ਕਿ ਉਸਦੇ  ਵਿੱਦਿਆ ਆਸ਼ਰਮ ਵਿੱਚ ਦਾਖ਼ਲ ਹੋਣ ਦੇ

ਹਾਲਾਤ ਹੀ ਨਾ ਪੈਦਾ ਹੋਣ ਦੇਵੋ

ਬਸ ਇੱਕ ਅੱਧ ਸਾਲਮ ਭੀਲ ਨੂੰ

ਦ੍ਰੋਣ ਦੱਖਣਾ ਵਿੱਚ ਵਸੂਲ ਕਰ

ਭੀਲ ਹਿਤੈਸ਼ੀ ਹੋਣ ਦਾ ਭਰਮਜਾਲ ਫ਼ੈਲਾਈ ਰੱਖੋ।

📝 ਸੋਧ ਲਈ ਭੇਜੋ